ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)
– ਗੜੵਸ਼ੰਕਰ ਜੇਜੋਂ ਲਿੰਕ ਸੜਕ ‘ਤੇ ਸਥਿਤ ਪਿੰਡ ਰਾਮਪੁਰ ਬਿਲੜੋਂ ਨੇੜੇ ਇਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਪਏ ਇੱਟਾਂ ਦੇ ਚੱਕੇ ਨਾਲ ਟਕਰਾ ਗਈ, ਜਿਸ ਨਾਲ ਕਾਰ ਵਿੱਚ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ (26) ਪੁੱਤਰ ਮਾਸਟਰ ਰਾਜ ਕੁਮਾਰ ਪਿੰਡ ਡੋਗਰਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਬੀਤੀ ਰਾਤ ਪਿੰਡ ਹਾਜੀਪੁਰ ਵਿੱਚ ਵਿਆਹ ਦੇ ਸਮਾਰੋਹ ਤੋਂ ਸ਼ਾਮਲ ਹੋਣ ਉਪਰੰਤ ਵਾਪਸ ਆਪਣੀ ਕਾਰ ਵਿੱਚ ਪਿੰਡ ਡੋਗਰਪੁਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਰਾਮਪੁਰ ਬਿਲੜੋਂ ਦੇ ਬਾਹਰਵਾਰ ਇੱਟਾਂ ਦੇ ਭੱਠੇ ਕੋਲੋਂ ਲੰਘਣ ਲੱਗਾ ਤਾਂ ਉਸ ਦੀ ਕਾਰ ਆਪਣਾ ਸੰਤੁਲਨ ਗੁਆ ਕੇ ਸੜਕ ਕਿਨਾਰੇ ਸਥਿਤ ਇੱਟਾਂ ਦੇ ਚੱਕੇ ਨਾਲ ਟਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੀ ਛੱਤ ਦੇ ਪਰੱਖ਼ਚੇ ਉੱਡ ਗਏ ਅਤੇ ਨੌਜਵਾਨ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਅੰਮ੍ਰਿਤਪਾਲ ਇਟਲੀ ਤੋਂ 8 ਦਿਨ ਪਹਿਲਾਂ ਹੀ ਛੁੱਟੀ ‘ਤੇ ਆਇਆ ਸੀ ਅਤੇ ਹੁਣ ਉਸ ਨੇ ਕੈਨੇਡਾ ਨੂੰ ਜਾਣਾ ਸੀ। ਅੰਮ੍ਰਿਤਪਾਲ ਦਾ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਤੋਂ ਏ.ਐੱਸ.ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਰੱਖਿਆ ਗਿਆ ਹੈ ਅਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।








