ਗੜ੍ਹਦੀਵਾਲਾ: (ਚੌਧਰੀ ,ਪ੍ਰਦੀਪ ਕੁਮਾਰ )
*ਮਹਾਰਾਜਾ ਅਗਰਸੈਨ ਦੇ ਜੀਵਨ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਕੀਤਾ ਯਾਦ*
: ਅਗਰਵਾਲ ਸਭਾ ਗੜ੍ਹਦੀਵਾਲਾ ਵੱਲੋਂ 11 ਸਤੰਬਰ ਨੂੰ ਪ੍ਰਧਾਨ ਰਿਸ਼ੂ ਗੁਪਤਾ ਦੀ ਅਗਵਾਹੀ ਹੇਠ ਮਹਾਰਾਜਾ ਅਗਰਸੈਨ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਪੰਡਿਤ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਜੇਠ ਘਰ ਵਿਖੇ ਮਹਾਰਾਜਾ ਅਗਰਸੈਨ ਜੀ ਦੀ ਪੂਜਾ-ਅਰਚਨਾ ਕੀਤੀ ਗਈ। ਇਸ ਸਮਾਗਮ ਵਿੱਚ ਅਗਰਵਾਲ ਸਭਾ ਦੇ ਮੈਂਬਰਾਂ, ਪਰਿਵਾਰਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ‘ਇੱਕ ਸ਼ਾਮ ਸ਼੍ਰੀ ਅਗਰਸੈਨ ਜੀ ਆ ਦੇ ਨਾਮ’ ਸੰਕੀਰਤਨ ਸੰਧਿਆ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਰਾਸ ਬਿਹਾਰੀ ਸ਼ਰਨ ਐਂਡ ਪਾਰਟੀ, ਹੁਸ਼ਿਆਰਪੁਰ ਵਾਲਿਆਂ ਨੇ ਸੁੰਦਰ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਸ਼ਰਧਾਲੂਆਂ ਨੇ ਭਗਤੀ ਭਾਵ ਨਾਲ ਭਜਨਾਂ ਦਾ ਆਨੰਦ ਮਾਣਿਆ।
ਇਸ ਮੌਕੇ ਸਭਾ ਦੇ ਸਭਾ ਦੇ ਚੇਅਰਮੈਨ ਪਵਨ ਗੁਪਤਾ,ਵਰਿੰਦਰ ਗੋਇਲ ਤੇ ਵਿਵੇਕ ਗੁਪਤਾ ਨੇ ਮਹਾਰਾਜਾ ਅਗਰਸੈਨ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਪ੍ਰਤੀ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਅਗਰਸੈਨ ਜੀ ਨੂੰ ਅਗਰਵਾਲ ਸਮਾਜ ਦੇ ਮੋਢੀ ਵਜੋਂ ਸਤਿਕਾਰਿਆ ਜਾਂਦਾ ਹੈ । ਉਨ੍ਹਾਂ ਨੇ ਸਮਾਜ ਵਿੱਚ ਬਰਾਬਰੀ, ਆਪਸੀ ਸਹਿਯੋਗ, ਅਹਿੰਸਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।
ਉਨ੍ਹਾਂ ਵੱਲੋਂ ਪ੍ਰਚਲਿਤ ‘ਇੱਕ ਇੱਟ ਅਤੇ ਇੱਕ ਰੁਪਇਆ’ ਦੀ ਪਰੰਪਰਾ ਸਮਾਜਿਕ ਸਹਿਯੋਗ ਅਤੇ ਲੋੜਵੰਦਾਂ ਦੀ ਮਦਦ ਦੀ ਪ੍ਰਤੀਕ ਮੰਨੀ ਜਾਂਦੀ ਹੈ। ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਮਿਲਜੁਲ ਕੇ ਰਹਿਣ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਸਮਾਗਮ ਦੇ ਅੰਤ ਵਿੱਚ ਆਰਤੀ ਕੀਤੀ ਗਈ ਅਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਮੈਂਬਰਾਂ ਅਤੇ ਸਮੂਹ ਅਗਰਵਾਲ ਪਰਿਵਾਰਾਂ ਨੇ ਹਾਜ਼ਰੀ ਭਰੀ ।







