ਗੜ੍ਹਦੀਵਾਲਾ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਕਲੱਬ ਦੇ ਸਹਿਯੋਗ ਨਾਲ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਦੇ ਪ੍ਰਮੁੱਖ ਪ੍ਰਵਕਤਾ ਸ. ਮੋਤਾ ਸਿੰਘ ਸਰਾਏ (ਇੰਗਲੈਂਡ ਨਿਵਾਸੀ, ਯੂਰਪੀ ਪੰਜਾਬੀ ਸੱਥ ਬਾਲਸਾਲ ਦੇ ਕਰਤਾ ਧਰਤਾ) ਸਨ। ਮੋਤਾ ਸਿੰਘ ਸਰਾਏ ਨੇ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਅਥਾਹ ਲਗਨ ਨਾਲ ਕੰਮ ਕੀਤਾ, ਉਥੇ ਉਹ ਕਿਸਾਨੀ ਮੋਰਚੇ, ਪ੍ਰਦੂਸ਼ਨਾ, ਪਾਣੀ ਦਾ ਗੰਧਲਾਪਣ ਅਤੇ ਬੇਰੁਜ਼ਗਾਰੀ ਆਦਿ ਵਿਸ਼ਿਆਂ ਤੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ । ਕਾਲਜ ਫੇਰੀ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੱਥ ਦਾ ਮਨੋਰਥ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ। ਉਹਨਾਂ ਨੇ ਵਿਦੇਸ਼ੀ ਧਰਤੀ ਉੱਪਰ ਪੰਜਾਬੀ ਭਾਸ਼ਾ ਦੀ ਸਥਿਤੀ ਸੰਬੰਧੀ ਆਪਣੇ ਨਿੱਜੀ ਤਜ਼ਰਬੇ ਵੀ ਸਾਂਝੇ ਕੀਤੇ। ਇਸ ਦੌਰਾਨ ਉਹਨਾਂ ਮਾਂ ਬੋਲੀ ਨੂੰ ਵਿਦੇਸ਼ ਵਿੱਚ ਵਸਣ ਵਾਲੇ ਬਸ਼ਿੰਦਿਆਂ ਦੀ ਮੂਲ ਸਾਂਝ ਦਾ ਮੁੱਖ ਕਾਰਨ ਦੱਸਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੋਤਾ ਸਿੰਘ ਸਰਾਏ ਨੂੰ ਸਨਮਾਨਿਤ ਕੀਤਾ। ਸਰਾਏ ਸਾਹਿਬ ਵੱਲੋਂ ਕਾਲਜ ਦੇ ਗਰੀਬ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਵੀ ਕੀਤੀ ਗਈ ਅਤੇ ਕਾਲਜ ਲਾਇਬਰੇਰੀ ਨੂੰ ਪੁਸਤਕਾਂ ਦਾ ਸੈਟ ਵੀ ਭੇਂਟ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਮੁਖੀ ਡਾ. ਦਿਲਬਾਰਾ ਸਿੰਘ ਨੇ ਮੋਤਾ ਸਿੰਘ ਸਰਾਏ ਨੂੰ ਜੀ ਆਇਆ ਆਖਿਆ। ਡਾ. ਸਤਵੰਤ ਕੌਰ ਵੱਲੋਂ ਵਿਸ਼ੇਸ਼ ਤੌਰ ‘ਤੇ ਮੋਤਾ ਸਿੰਘ ਸਰਾਏ ਦਾ ਕਾਲਜ ਆਉਣ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸੰਜੀਵ ਸਿੰਘ, ਸ. ਗੁਰਪਿੰਦਰ ਸਿੰਘ,ਪੰਜਾਬੀ ਵਿਭਾਗ ਦੇ ਮੈਡਮ ਡਾ. ਰਵਿੰਦਰ ਕੌਰ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੈਡਮ ਹਰਜੋਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।