ਮੁਹਿੰਮ ਦੇ ਪਹਿਲੇ ਦਿਨ 7 ਪਿੰਡਾਂ ’ਚ 100 ਫੀਸਦੀ ਟੀਕਾਕਰਨ, ਬਲਾਕ ਹਾਜੀਪੁਰ ਵਿਚ 100 ਫੀਸਦੀ ਲੱਗੀ ਪਹਿਲੀ ਡੋਜ਼
7687 ਲਾਭਪਾਤਰੀਆਂ ਨੂੰ ਲੱਗੀ ਵੈਕਸੀਨ
ਹਰ ਸ਼ਨੀਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਹਰ ਘਰ ਦਸਤਕ ਤਹਿਤ ਹੋਵੇਗਾ ਡੋਰ-ਟੂ-ਡੋਰ ਟੀਕਾਕਰਨ: ਅਪਨੀਤ ਰਿਆਤ
ਹੁਸ਼ਿਆਰਪੁਰ, 13 ਨਵੰਬਰ(ਬਿਊਰੋ) : ਜਿਲੇ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ਕੋਵਿਡ ਵੈਕਸੀਨ ਨੂੰ 100 ਫੀਸਦੀ ਯਕੀਨੀ ਬਣਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਅੱਜ ਸ਼ੁਰੂ ਕੀਤੀ ‘ਹਰ ਘਰ ਦਸਤਕ’ ਮੁਹਿੰਮ ਤਹਿਤ ਜਿਲੇ ਦੇ ਵੱਖ-ਵੱਖ ਖੇਤਰਾਂ ’ਚ ਵੱਡੇ ਪੱਧਰ ’ਤੇ ਟੀਕਾਕਰਨ ਕਰਦਿਆਂ 7687 ਡੋਜ਼ਾਂ ਲਗਾਈਆਂ ਗਈਆਂ ਜਿਨ੍ਹਾਂ ਵਿਚ 1832 ਪਹਿਲੀ ਅਤੇ 5855 ਦੂਜੀ ਡੋਜ਼ ਸ਼ਾਮਲ ਹੈ।
ਟੀਕਾਕਰਨ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਸ਼ੁਰੂ ਹੋਈ ਮੁਹਿੰਮ ਤਹਿਤ ਹਰ ਸ਼ਨੀਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਜਿਲੇ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ ’ਤੇ ਟੀਕਾਕਰਨ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਭਪਾਤਰੀਆਂ ਨੂੰ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਬ-ਡਵੀਜਨ ਦਸੂਹਾ ਦੇ 7 ਪਿੰਡਾਂ ਵਿਚ 100 ਫੀਸਦੀ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ ਜਿਨ੍ਹਾਂ ਵਿਚ ਮੋਖ, ਬਡਿਆਲ, ਕੇਸੋਪੁਰ, ਜੱਕੋਵਾਲ, ਕੰਗਾਂ, ਬੋਦਲ ਅਤੇ ਨੰਗਲ ਸ਼ਾਮਲ ਹਨ। ਇਸੇ ਤਰ੍ਹਾਂ ਸ਼ਹਿਰੀ ਖੇਤਰ ਵਿਚ ਵਾਰ਼ਡ ਨੰ. 41 ਦੇ ਸਾਰੇ 522 ਘਰਾਂ ਦਾ 10 ਟੀਮਾਂ ਜਿਨ੍ਹਾਂ ਵਿਚ 5-5 ਵਲੰਟੀਅਰ ਸ਼ਾਮਲ ਸਨ, ਦਾ ਸਰਵੇ ਕੀਤਾ ਗਿਆ। ਵਾਰਡ ਵਿਚ 1757 ਲਾਭਪਾਤਰੀਆਂ ਵਿਚੋਂ 1391 ਲਾਭਪਾਤਰੀਆਂ ਦੇ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 957 ਨੂੰ ਦੂਜੀ ਡੋਜ਼ ਵੀ ਲੱਗ ਚੁੱਕੀ ਹੈ। ਟੀਮਾਂ ਵਲੋਂ ਕੱਚੇ ਕੁਆਰਟਰਾਂ ਵਿਖੇ ਸ਼ਿਵ ਮੰਦਰ ’ਚ ਕੈਂਪ ਲਗਾਇਆ ਗਿਆ ਜਿੱਥੇ ਬਾਕੀ ਰਹਿੰਦੇ ਲਾਭਪਾਤਰੀਆਂ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਵਾਰਡ 100 ਫੀਸਦੀ ਕੋਵਿਡ ਵੈਕਸੀਨ ਵਾਲਾ ਵਾਰਡ ਬਣ ਜਾਵੇਗਾ।
ਇਸੇ ਤਰ੍ਹਾਂ ਹਾਜੀਪੁਰ ਬਲਾਕ ਵਿਚ ਸਾਰੇ ਲਾਭਪਾਤਰੀਆਂ ਦੇ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ ਅਤੇ ਸਮੇਂ ਅਨੁਸਾਰ ਦੂਜੀ ਡੋਜ਼ ਵੀ ਲਗਾਈ ਜਾਵੇਗੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਟੀਮਾਂ ਵਲੋਂ ਘਰ-ਘਰ ਜਾ ਕੇ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਰਹਿੰਦੇ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ।