ਘੱਟ ਵੋਲਟੇਜ ਕਾਰਨ ਪਿੰਡ ਬਨਾਂ ਦੇ ਕਈ ਘਰ ਰਹਿੰਦੇ ਹਨ ਪਰੇਸ਼ਾਨ
ਬਿਜਲੀ ਦੇ ਉਪਕਰਨਾਂ ਦਾ ਹੋ ਰਿਹਾ ਨੁਕਸਾਨ
ਕਾਠਗਡ਼੍ਹ, 18 ਮਈ (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਬਨਾਂ ਵਿਚ ਬੀਤੇ ਕਾਫੀ ਦਿਨਾਂ ਤੋਂ ਘੱਟ ਵੋਲਟੇਜ ਆਉਣ ਕਾਰਨ ਕਈ ਘਰ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ ਜਿਸ ਨਾਲ ਲੋਕਾਂ ਦੇ ਬਿਜਲੀ ਦੇ ਉਪਕਰਨ ਵੀ ਸੜ ਰਹੇ ਹਨ।
ਪਿੰਡ ਬਨਾਂ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਲਗਪਗ 20-25 ਘਰਾਂ ਵਿਚ ਬੀਤੇ ਕਾਫੀ ਦਿਨਾਂ ਤੋਂ ਬਿਜਲੀ ਦੀ ਸਪਲਾਈ ਘੱਟ ਵੋਲਟੇਜ ਨਾਲ ਆ ਰਹੀ ਹੈ ਜਿਸ ਦੇ ਚਲਦਿਆਂ ਇਕ ਤਾਂ ਪੈ ਰਹੀ ਭਾਰੀ ਗਰਮੀ ਵਿੱਚ ਲੋਕਾਂ ਦੇ ਪੱਖੇ, ਕੂਲਰ ਆਦਿ ਸਹੀ ਨਾ ਚੱਲਣ ਕਰਕੇ ਉਹ ਗਰਮੀ ਨਾਲ ਹਾਲੋਂ ਬੇਹਾਲ ਹਨ ਅਤੇ ਦੂਜਾ ਵੋਲਟੇਜ ਘੱਟ ਵੱਧ ਹੋਣ ਕਰਕੇ ਘਰਾਂ ਦੀ ਬਿਜਲੀ ਉਪਕਰਨ ਤੇ ਇਲੈਕਟ੍ਰੋਨਿਕ ਦਾ ਸਾਮਾਨ ਵੀ ਸੜ ਰਿਹਾ ਹੈ । ਪਿੰਡ ਨਿਵਾਸੀਆਂ ਵੱਲੋਂ ਏਰੀਆ ਲਾਈਨਮੈਨ ਬਹਾਦਰ ਨੂੰ ਸਪਲਾਈ ਸਹੀ ਕਰਨ ਲਈ ਵਾਰ- ਵਾਰ ਫੋਨ ਕੀਤੇ ਜਾਂਦੇ ਹਨ ਲੇਕਿਨ ਜਦੋਂ ਕਦੇ ਕਦਾਈਂ ਲਾਈਨਮੈਨ ਫੋਨ ਚੁੱਕਦਾ ਹੈ ਤਾਂ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਸਪਲਾਈ ਪਿੱਛੋਂ ਏਦਾਂ ਹੀ ਆ ਰਹੀ ਹੈ ਅਤੇ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ ਜਦਕਿ ਇਹ ਸਮੱਸਿਆ ਉਨ੍ਹਾਂ ਨੇ ਹਲਕੇ ਦੇ ਜੇ.ਈ. ਰਵਿੰਦਰ ਕੁਮਾਰ ਨੂੰ ਵੀ ਦੱਸਣੀ ਚਾਹੀ ਲੇਕਿਨ ਉਨ੍ਹਾਂ ਵਲੋਂ ਇੱਕ ਦੋ ਵਾਰ ਫੋਨ ਤੇ ਤਸੱਲੀਬਖ਼ਸ਼ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਇਹ ਸਮੱਸਿਆ ਸਾਡੇ ਹੱਥ ਵਿੱਚ ਨਹੀਂ ਹੈ ।
ਪਿੰਡ ਵਾਸੀਆਂ ਦੱਸਿਆ ਕਿ ਬਿਜਲੀ ਦੀ ਮਾੜੀ ਸਪਲਾਈ ਨੂੰ ਸਹੀ ਕਰਵਾਉਣ ਲਈ ਫਿਰ ਉਨ੍ਹਾਂ ਨੇ ਬੀਤੇ ਦਿਨੀਂ ਐੱਸ ਡੀ ਓ ਬਲਾਚੌਰ ਨੂੰ ਇਕ ਐਪਲੀਕੇਸ਼ਨ ਦਿੱਤੀ ਜਿਸ ਉੱਤੇ ਐੱਸਡੀਓ ਸਾਹਿਬ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਸਾਈਨ ਕਰਕੇ ਭਰੋਸਾ ਦਿੱਤਾ ਕਿ ਇਹ ਐਪਲੀਕੇਸ਼ਨ ਏਰੀਆ ਲਾਈਨਮੈਨ ਨੂੰ ਦੇ ਦਿੱਤੀ ਜਾਵੇ ਪ੍ਰੰਤੂ ਜਦੋਂ ਉਨ੍ਹਾਂ ਨੇ ਇਸ ਐਪਲੀਕੇਸ਼ਨ ਬਾਰੇ ਲਾਈਨਮੈਨ ਨੂੰ ਫੋਨ ਕੀਤਾ ਤਾਂ ਉਸ ਨੇ ਐਸ.ਡੀ.ੳ.ਸਾਹਿਬ ਦੇ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਅੱਗੋਂ ਜਵਾਬ ਦਿੱਤਾ ਕਿ ਤੁਹਾਨੂੰ ਪਤਾ ਹੀ ਹੈ ਕਿ ਬਿਜਲੀ ਵਾਲੇ ਕੰਮ ਕਿੱਦਾਂ ਕਰਦੇ ਹੁੰਦੇ ਹਨ। ਪਿੰਡ ਨਿਵਾਸੀਆਂ ਨੇ ਦਸਿਆ ਕਿ ਫੀਲਡ ਕਰਮਚਾਰੀ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਉਂਦੇ ਹਨ ਤੇ ਉਹ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਟਾਲ ਮਟੋਲ ਕਰਦੇ ਹੋਏ ਪਿੰਡ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਜਿਨ੍ਹਾਂ ਘਰਾਂ ਵਿੱਚ ਵੋਲਟੇਜ ਘੱਟ ਆਉਂਦੀ ਹੈ ਉਸ ਨੂੰ ਸਹੀ ਕੀਤਾ ਜਾਵੇ ਤਾਂ ਜੋ ਇਕ ਤਾਂ ਗਰਮੀ ‘ਚ ਲੋਕ ਪ੍ਰੇਸ਼ਾਨ ਨਾ ਹੋਣ ਤੇ ਦੂਜਾ ਬਿਜਲੀ ਦੇ ਉਪਕਰਨ ਵੀ ਨਾ ਸੜ ਸਕਣ ।
ਪੇਂਡੂ ਬਨਾਂ ਨਿਵਾਸੀਆਂ ਦੀ ਉਕਤ ਸਮੱਸਿਆ ਨੂੰ ਲੈ ਕੇ ਜਦੋਂ ਜੇਈ. ਰਵਿੰਦਰ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
ਮਾੜੀ ਬਿਜਲੀ ਸਪਲਾਈ ਨੂੰ ਲੈ ਕੇ ਐੱਸ ਡੀ ਓ ਬਲਾਚੌਰ ਨੂੰ ਦਿਤੀ ਐਪਲੀਕੇਸ਼ਨ ਦੀ ਕਾਪੀ ਦਿਖਾਉਂਦੇ ਹੋਏ ਪਿੰਡ ਬਨਾਂ ਨਿਵਾਸੀ ਤੇ ਦੁਕਾਨਦਾਰ । (ਜਤਿੰਦਰ ਸਿੰਘ ਕਲੇਰ )








