ਛੱਤੀਸਗੜ੍ਹ ਅਤੇ ਰਾਜਸਥਾਨ ਦੀ ਤਰਜ਼ ਉੱਤੇ ਪੰਜਾਬ ‘ਚ ਬਣੀ ਨਵੀਂ ਸਰਕਾਰ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ : ਕਟਾਰੀਆ
ਕਾਠਗੜ੍ਹ,26 ਮਾਰਚ(ਜਤਿੰਦਰ ਪਾਲ ਸਿੰਘ ਕਲੇਰ ): ਪੰਜਾਬ ਗੌਰਮਿੰਟ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗਿਆਨ ਕਟਾਰੀਆ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪੰਜਾਬ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਵਾਗਤ ਕਰਦੇ ਹਨ ਕਿਉਂਕਿ ਪੰਜਾਬ ਅੰਦਰ ਬਣੀ ਆਪ ਦੀ ਸਰਕਾਰ ਤੋਂ ਮੁਲਾਜਮਾਂ ਨੂੰ ਬਹੁਤ ਆਸਾ ਅਤੇ ਉਮੀਦਾਂ ਹਨ। ਆਪ ਮੁੱਖ ਮੰਤਰੀ ਸਮੇਤ ਸਾਰੇ ਹਲਕਾ ਵਿਧਾਇਕਾਂ ਨੇ ਮੁਲਾਜਮਾਂ ਅਤੇ ਆਮ ਲੋਕਾਂ ਨਾਲ ਬਹੁਤ ਸਾਰੇ ਵਾਇਦੇ ਕੀਤੇ ਹਨ।ਉਨ੍ਹਾਂ ਵਿੱਚੋਂ ਇੱਕ ਵਾਇਦਾ ਇਹ ਵੀ ਕੀਤਾ ਸੀ ਕਿ ਆਮ ਆਦਮੀ ਦੀ ਸਰਕਾਰ ਬਨਣ ਉਪਰੰਤ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਧਰਨੇ ਮੁਜਾਹਰੇ ਨਹੀਂ ਕਰਨੇ ਪੈਣਗੇ,ਉਨ੍ਹਾਂ ਦੇ ਮਸਲੇ ਪਹਿਲ ਦੇ ਅਧਾਰ ਉੱਤੇ ਹੱਲ ਕੀਤੇ ਜਾਣਗੇ। ਪਿਛਲੇ ਸਰਕਾਰ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ 2004 ਤੋਂ ਬਾਅਦ ਭਰਤੀ ਮੁਲਾਜਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਆਉਣ ਉਪਰੰਤ ਮੁਲਾਜਮਾਂ ਦੀ ਬੰਦ ਹੋਈ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਪੂਰਣ ਬਹੁਮਤ ਨਾਲ ਉਨ੍ਹਾਂ ਦੀ ਸਰਕਾਰ ਬਣ ਚੁੱਕੀ ਹੈ।ਇਸ ਲਈ ਪੰਜਾਬ ਅੰਦਰ ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਸਰਕਾਰਾਂ ਦੀ ਤਰਜ਼ ਉੱਤੇ ਮੁਲਾਜਮਾਂ ਦੀ 2004 ਤੋਂ ਬੰਦ ਹੋਈ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੰਜਾਬ ਦੇ ਕਰੀਬ 2 ਲੱਖ ਮੁਲਾਜਮਾਂ ਦਾ ਬੁਢਾਪਾ ਸੁਰੱਖਿਅਤ ਕਰਨਾ ਚਾਹੀਦਾ ਹੈ। ਸ਼੍ਰੀ ਕਟਾਰੀਆ ਨੇ ਕਿਹਾ ਕਿ ਇੱਕ ਮੁਲਾਜਮ ਆਪਣੀ ਜਿੰਦਗੀ ਦੇ 30-35 ਸਾਲ ਇੱਕ ਵਿਭਾਗ ਦੀ ਨਿਸ਼ਕਾਮ ਸੇਵਾ ਕਰਦਾ ਹੈ। ਜਦੋਂ ਉਹ ਬੁਢਾਪੇ ਵਿੱਚ ਸੇਵਾ ਮੁਕਤ ਹੁੰਦਾ ਹੈ ਤਾਂ ਨਵੀਂ ਪੈਨਸ਼ਨ ਸਕੀਮ ਅਧੀਨ ਉਸ ਨੂੰ ਨਾ ਮਾਤਰ 700-800 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਜਿਸ ਨਾਲ ਕਿ ਘਰ ਚਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ,ਬੁਢਾਪੇ ਵਿੱਚ ਮਹੀਨੇ ਦੀ ਦਵਾਈ ਵੀ ਨਹੀਂ ਆਉਦੀਂ। ਇਸ ਕਰਕੇ ਮੁਲਾਜਮਾਂ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਸਰਕਾਰ ਦਾ ਹਰ ਮਹੀਨੇ ਕਰੋੜਾਂ ਰੁਪਿਆਂ ਕਾਰਪੋਰੇਟ ਘਰਾਣਿਆ ਕੋਲ ਜਾ ਰਿਹਾ ਹੈ। ਜੇਕਰ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਹਰ ਮਹੀਨੇ ਸਰਕਾਰੀ ਖਜਾਨੇ ਉੱਤੇ ਪੈ ਰਹੇ ਵਾਧੂ ਬੋਝ ਨੂੰ ਵੀ ਰੋਕਿਆ ਜਾ ਸਕਦਾ ਹੈ। ਸ਼੍ਰੀ ਕਟਾਰੀਆ ਨੇ ਇਹ ਵੀ ਦੱਸਿਆ ਕਿ ਇਸ ਵਾਰੇ ਭਾਰਤ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਵੀ ਆਪਣਾ ਫੈਸਲਾਂ ਸੁਣਾ ਚੁੱਕੀ ਹੈ ਕਿ ਪੈਨਸ਼ਨ ਕੋਈ ਖੈਰਾਤ ਨਹੀਂ,ਸਗੋਂ ਮੁਲਾਜਮ ਦਾ ਹੱਕ ਹੈ। ਇਸ ਤੋਂ ਇਲਾਵਾ ਹੁਣ ਸੂਬਾ ਸਰਕਾਰਾਂ ਵਲੋਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ।ਇਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਗੌਰਮਿੰਟ ਟੀਚਰਜ਼ ਐਸੋਸੀਏਸ਼ਨ ਪੰਜਾਬ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ 28 ਮਾਰਚ ਨੂੰ ਕੀਤੇ ਜਾ ਰਹੇ ਰੋਸ ਮਾਰਚ ਦਾ ਸਮਰਥਨ ਕਰਦੀ ਹੈ ਅਤੇ ਸਮੂਹ ਐਨ ਪੀ ਐਸ ਮੁਲਾਜਮਾਂ ਨੂਂੰ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੰਦੀ ਹੈ।ਇਸ ਮੌਕੇ ਚਰਨਜੀਤ ਸਿੰਘ ਸਿਆਣ , ਪ੍ਰੈਸ ਸਕੱਤਰ ਹਰਜੀਤ ਸਿੰਘ ਸਹੋਤਾ, ਇਕਬਾਲ ਚੌਧਰੀ,ਕੁਲਦੀਪ ਭੁੰਬਲਾ,ਮਨਜਿੰਦਰ ਕੁਮਾਰ, ਨਰਿੰਦਰ ਕੁਮਾਰ,ਨਰੇਸ਼ ਬਜਾੜ, ਰਾਜ ਕੁਮਾਰ ਜੰਡੀ ਆਦਿ ਵੀ ਹਾਜਰ ਸਨ।
ਕੈਪਸ਼ਨ: ਗਿਆਨ ਕਟਾਰੀਆ ਸੂਬਾ ਪ੍ਰਧਾਨ,ਪੰਜਾਬ ਗੌਰਮਿਟ ਟੀਚਰਜ਼ ਐਸੋਸ਼ੀਏਸ਼ਨ








