ਜਨੇਪੇ ਤੋਂ ਕੁੱਝ ਸਮੇਂ ਬਾਅਦ ਔਰਤ ਦੀ ਹੋਈ ਮੌਤ,ਨਵ-ਜਨਮਾ ਬੱਚਾ ਪੀਜੀਆਈ ਰੈਫਰ
ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਸੁੱਧਾ ਮਾਜਰਾ ਦੀ ਇੱਕ ਔਰਤ ਦੀ ਸਿਵਲ ਹਸਪਤਾਲ ਬਲਾਚੌਰ ਵਿੱਚ ਜਨੇਪੇ ਤੋਂ ਕੁੱਝ ਸਮੇਂ ਬਾਅਦ ਮੌਤ ਜਾਣ ਅਤੇ ਉਸ ਦੇ ਨਵ-ਜਨਮੇਂ ਬੱਚੇ ਨੂੰ ਪੀਜੀਆਈ ਰੈਫਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਕਿ ਔਰਤ ਦੀ ਮੌਤ ਹੋਣ ਉਪਰੰਤ ਉਹਨਾ ਦੇ ਪਰਿਵਾਰਕ ਮੈਬਰਾਂ ਵਲੋਂ ਸਿਵਲ ਹਸਪਤਾਲ ਬਲਾਚੌਰ ਵਿੱਚ ਹੰਗਾਮਾ ਵੀ ਕੀਤਾ ਗਿਆ ਪਰੰਤੂ ਮੌਕੇ ਤੇ ਪੁੱਜੀ ਪੁਲਿਸ ਵਲੋਂ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ ਗਿਆ । ਮੌਕੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਸੁੱਧਾ ਮਾਜਰਾ ਨਿਵਾਸੀ ਲਖਵਿੰਦਰ ਕੌਰ ਪਤਨੀ ਸਤਵਿੰਦਰ ਸਿੰਘ ਜਿਹੜੀ ਕਿ ਗਰਭਵਤੀ ਅਵਸਥਾ ਵਿੱਚ ਸੀ ਜਿਸ ਦਾ ਇਹ ਦੂਜਾ ਬੱਚਾ ਸੀ । ਬੀਤੀ ਰਾਤ ਜਨੇਪੇ ਦੇ ਸੰਕੇਤ ਮਿਲਣ ਤੇ ਉਸ ਦੇ ਪਰਿਵਾਰਕ ਮੈਬਰਾ ਵਲੋਂ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਕਿ ਉਸ ਦੀ ਨਾਜੁਕ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਦੀ ਡਾਕਟਰੀ ਟੀਮ ਵਲੋਂ ਉਸ ਦਾ ਜਨੇਪਾ ਕਰਵਾਇਆ ਗਿਆ। ਨਾਰਮਲ ਤਰੀਕੇ ਨਾਲ ਹੋਏ ਜਨੇਪੇ ਦੌਰਾਨ ਔਰਤ ਵਲੋਂ ਇੱਕ ਲੜਕੇ ਨੂੰ ਜਨਮ ਦਿੱਤਾ ਗਿਆ । ਨਵ ਜਨਮੇਂ ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਹਸਪਤਾਲ ਵਲੋਂ ਪੀਜੀਆਈ ਰੈਫਰ ਕੀਤਾ ਗਿਆ। ਕੁੱਝ ਸਮੇਂ ਬਾਅਦ ਔਰਤ ਨੂੰ ਘਬਰਾਟ ਹੋਈ ਤਾਂ ਹਸਪਤਾਲ ਦੇ ਸਟਾਫ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਨਵਾਂਸ਼ਹਿਰ ਰੈਫਰ ਕੀਤਾ ਜਿਸ ਤੇ ਉਸ ਦੇ ਪਰਿਵਾਰਕ ਮੈਬਰ ਸਰਕਾਰੀ ਐਮਬੂਲੈਂਸ ਦਾ ਡਰਾਇਵਰ ਨਾ ਹੋਣ ਕਾਰਨ ਪ੍ਰਾਈਵੇਟ ਕਾਰ ਰਾਹੀਂ ਨਵਾਂਸ਼ਹਿਰ ਲੈ ਗਏ ਜਿੱਥੇ ਕਿ ਰਸਤੇ ਵਿੱਚ ਹੀ ਮਹਿਲਾ ਲਖਵਿੰਦਰ ਕੌਰ ਦਮ ਤੌੜ ਗਈ ।
ਐਮਬੂਲੈਸ ਡਰਾਇਵਰ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਆਪਣੇ ਉਚ ਅਧਿਕਾਰੀਆਂ ਨੂੰ ਪੱਤਰ ਲਿਖੇ ਹੋਏ ਹਨ : ਡਾ ਮਾਨ
ਇਸ ਸਬੰਧ ਵਿੱਚ ਜਦ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨਾਲ ਗੱਲ ਕੀਤੀ ਤਾਂ ਉਹਨਾ ਆਖਿਆ ਕਿ ਹਸਪਤਾਲ ਦਾਖਲ ਹੋਈ ਔਰਤ ਦੀ ਨਾਰਮਲ ਡਲੀਵਰੀ ਹੋਈ ਸੀ ਜਿਸ ਦੇ ਨਵਜਨਮੇਂ ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ। ਜੋ ਐਮਬੂਲੈਂਸ ਦੇ ਡਰਾਇਵਰ ਦੇ ਨਾ ਹੋਣ ਸਬੰਧੀ ਉਹਨਾ ਆਖਿਆ ਕਿ ਹਸਪਤਾਲ ਵਿੱਚ ਆਊਟ ਸੋਰਸ ਰਾਹੀਂ ਐਮਬੂਲੈਂਸ ਡਰਾਇਵਰ ਰੱਖਿਆ ਹੋਇਆ ਹੈ ਜਿਹੜਾ ਕਿ ਦਿਨ ਵੇਲੇ ਡਿਊਟੀ ਕਰਦਾ ਹੈ । ਐਮਬੂਲੈਸ ਡਰਾਇਵਰ ਦੀ ਕਮੀ ਨੂੰ ਪੂਰਾ ਕਰਨ ਲਈ ਉਹਨਾ ਵਲੋਂ ਆਪਣੇ ਉਚ ਅਧਿਕਾਰੀਆ ਨੂੰ ਪੱਤਰ ਲਿਖੇ ਹੋਏ ਹਨ ।
ਫੋਟੋ : ਮ੍ਰਿਤਕ ਲਖਵਿੰਦਰ ਕੌਰ ਦੀ ਫਾਇਲ ਫੋਟੋ ।








