ਮੁਕੇਰੀਆਂ /ਹਾਜੀਪੁਰ , 17 ਸਤੰਬਰ (ਚੌਧਰੀ)
: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਬਾਲ ਵਿਆਹ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਅਤੇ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਅਤੇ ਮੁਕੇਰੀਆਂ ਵਿੱਚ ਬਾਲ ਵਿਆਹ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਅਤੇ ਦੋਵਾਂ ਮਾਮਲਿਆਂ ਵਿੱਚ ਸਬੰਧਤ ਥਾਣਿਆਂ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਸਾਰੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਾਲ ਵਿਆਹ ਰੋਕੂ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਅਕਸਰ ਬਾਲ ਵਿਆਹ ਹੋਣ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਵਿਆਹ ਨਹੀਂ ਹੋਇਆ ਹੈ ਤਾਂ ਵਿਆਹ ਰੋਕਿਆ ਜਾਵੇ ਅਤੇ ਜੇਕਰ ਵਿਆਹ ਹੋ ਚੁੱਕਾ ਹੈ ਤਾਂ ਬਾਲ ਵਿਆਹ ਰੋਕੂ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਬੰਧਤ ਬਲਾਕ ਦੇ ਬਾਲ ਵਿਆਹ ਰੋਕੂ ਅਫ਼ਸਰ (ਸੀ.ਐੱਮ.ਪੀ.ਓ.) ਵੱਲੋਂ ਬਾਲ ਵਿਆਹ ਸਬੰਧੀ ਸਾਰੇ ਸਬੂਤ ਇਕੱਠੇ ਕੀਤੇ ਜਾਣੇ ਹਨ, ਜਿਵੇਂ ਕਿ ਗੁਰਦੁਆਰੇ ਜਾਂ ਮੰਦਰ ਦਾ ਸਰਟੀਫਿਕੇਟ, ਬੱਚੇ ਦੀ ਉਮਰ ਸਬੰਧੀ ਦਸਤਾਵੇਜ਼, ਬਾਲ ਵਿਆਹ ਵਿੱਚ ਸ਼ਾਮਲ ਵਿਅਕਤੀਆਂ ਦਾ ਵੇਰਵਾ ਆਦਿ। ਕਾਰਵਾਈ ਉਪਰੰਤ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਐੱਸ.ਐੱਸ.ਪੀ. ਅਤੇ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਨੂੰ ਪੇਸ਼ ਕੀਤੀ ਜਾਵੇ।
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਨ੍ਹਾਂ ਪਿੰਡਾਂ ਨੂੰ ਬਾਲ ਵਿਆਹ ਮੁਕਤ ਪਿੰਡ ਘੋਸ਼ਿਤ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ 1 ਜਨਵਰੀ 2025 ਤੋਂ ਬਾਅਦ ਬਾਲ ਵਿਆਹ ਦਾ ਕੋਈ ਵੀ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਇਸ ਸਬੰਧੀ ਲੋੜੀਂਦੀ ਕਾਰਵਾਈ ਸਾਰੇ ਸਰਪੰਚਾਂ ਅਤੇ ਸਾਰੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਵੱਲੋਂ ਕੀਤੀ ਜਾਣੀ ਹੈ।







