ਗੜ੍ਹਦੀਵਾਲਾ, 30 ਅਕਤੂਬਰ (ਚੌਧਰੀ )
*K.R.K.D.A. ਸਕੂਲ ਦੇ ਖੇਡ ਮੈਦਾਨ ਵਿੱਚ ਹੋਵੇਗਾ ਟੂਰਨਾਮੈਂਟ, ਜੇਤੂ ਟੀਮਾਂ ਨੂੰ ਦਿੱਤੇ ਜਾਣਗੇ ਵੱਡੇ ਇਨਾਮ*
: ਮਾਤਾ ਮਹਿਸ਼ਾਸੁਰ ਮਰਦਿਨੀ ਜੀ ਅਤੇ ਬਾਬਾ ਸ਼ਾਂਤੀਗਿਰੀ ਜੀ ਦੇ ਆਸ਼ੀਰਵਾਦ ਸਦਕਾ ਗੜ੍ਹਦੀਵਾਲਾ ਵਿਖੇ 12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ 13 ਅਤੇ 14 ਨਵੰਬਰ 2026 ਨੂੰ ਕਰਵਾਈ ਜਾ ਰਹੀ ਹੈ। ਇਹ ਖੇਡ ਮੁਕਾਬਲੇ ਕੇ.ਆਰ.ਕੇ. ਸਕੂਲ ਦੇ ਖੇਡ ਮੈਦਾਨ ਸਰਿਹਾਲਾ-ਚੋਹਕਾ ਰੋਡ ਸਥਿਤ ਵਿਖੇ ਹੋਣਗੇ।
ਪ੍ਰਬੰਧਕ ਆਰ ਐਸ ਅਭੀ ਤੇ ਅਸ਼ੋਕ ਕੁਮਾਰ ਵੱਲੋਂ ਜਾਰੀ ਦਿੱਤੀ ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਸਵੇਰੇ 9 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਦਕਿ 14 ਨਵੰਬਰ ਨੂੰ ਰਾਤ 8 ਵਜੇ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ।
ਟੂਰਨਾਮੈਂਟ ਵਿੱਚ ਚਾਰ ਵਰਗਾਂ ਦੇ ਮੁਕਾਬਲੇ ਹੋਣਗੇ। ਆਲ ਓਪਨ ਕਲੱਬ ਵਰਗ ਵਿੱਚ ਪਹਿਲਾ ਇਨਾਮ 55,555 ਰੁਪਏ ਅਤੇ ਦੂਜਾ ਇਨਾਮ 33,333 ਰੁਪਏ ਰੱਖਿਆ ਗਿਆ ਹੈ। ਅੰਡਰ-19 ਵਰਗ ਵਿੱਚ ਪਹਿਲਾ ਇਨਾਮ 15,000 ਅਤੇ ਦੂਜਾ 11,000 ਰੁਪਏ, ਪਿੰਡ ਪੱਧਰੀ ਵਰਗ (2 ਬਾਹਰੀ ਖਿਡਾਰੀਆਂ ਸਮੇਤ) ਵਿੱਚ ਪਹਿਲਾ ਇਨਾਮ 15,000 ਅਤੇ ਦੂਜਾ 11,000 ਰੁਪਏ ਰੱਖਿਆ ਗਿਆ ਹੈ। ਇਸੇ ਤਰ੍ਹਾਂ ਆਲ ਓਪਨ ਮਾਸਟਰਜ਼ ਕਲੱਬ (40 ਸਾਲ ਤੋਂ ਵੱਧ ਉਮਰ) ਵਰਗ ਵਿੱਚ ਪਹਿਲਾ ਇਨਾਮ 5,100 ਅਤੇ ਦੂਜਾ 3,100 ਰੁਪਏ ਹੋਵੇਗਾ। ਸਾਰੇ ਵਰਗਾਂ ਵਿੱਚ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲ ਵੀ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਬੈਸਟ ਸੈਟਰ, ਬੈਸਟ ਅਟੈਕਰ, ਬੈਸਟ ਬਲਾਕਰ ਅਤੇ ਬੈਸਟ ਲਿਬਰੋ ਦੇ ਵਿਸ਼ੇਸ਼ ਐਵਾਰਡ ਦਿੱਤੇ ਜਾਣਗੇ। ਸਥਾਨਕ ਖੇਤਰ ਦੇ ਖਿਡਾਰੀਆਂ ਵਿੱਚੋਂ ਪਲੇਅਰ ਆਫ ਦਿ ਈਅਰ ਵੀ ਚੁਣਿਆ ਜਾਵੇਗਾ।
ਸਮਾਗਮ ਦੌਰਾਨ ਡੀਜੇ, ਸਾਈਕਲਿੰਗ, ਕਿਡਜ਼ ਜ਼ੋਨ, ਵੱਡੀ ਸਕਰੀਨ, ਫੋਟੋਸ਼ੂਟ ਏਰੀਆ ਅਤੇ ਵੈਲੇਟ ਪਾਰਕਿੰਗ ਵਰਗੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ।
ਇਸ ਚੈਂਪੀਅਨਸ਼ਿਪ ਦਾ ਆਯੋਜਨ ਐਡਵੋਕੇਟ ਆਰ.ਐੱਸ. ਅਭੀ ਅਤੇ ਅਸ਼ੋਕ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ । ਉਹਨਾਂ ਨੇ ਐਨਆਰਆਈ ਅਤੇ ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਸਮਾਗਮ ਵਿੱਚ ਸਹਿਯੋਗ ਦੇਣ ਦਾ ਧੰਨਵਾਦ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।







