ਗੜ੍ਹਦੀਵਾਲਾ 17 ਮਈ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਸਦਕਾ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸੈਸ਼ਨ 2024-25 ਦੇ ਨਵੇਂ ਵਿਦਿਆਰਥੀਆਂ ਲਈ ਅੰਗਰੇਜ਼ੀ, ਕੰਪਿਊਟਰ ਸਾਇੰਸ, ਮਿਊਜ਼ਿਕ ਅਤੇ ਸਖ਼ਸ਼ੀਅਤ ਵਿਕਾਸ ਆਦਿ ਵਿਸ਼ਿਆਂ ਨਾਲ ਸੰਬੰਧਿਤ ਕਰੈਸ਼ ਕੋਰਸ ਦੀ ਸ਼ੁਰੂਆਤ 17 ਮਈ 2024 ਤੋਂ ਕੀਤੀ ਗਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਕੋਰਸ 17 ਮਈ 2024 ਤੋਂ 31 ਮਈ 2024 ਤੱਕ ਲੱਗੇਗਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਕੋਰਸ ਨਵੇਂ ਵਿਦਿਆਰਥੀਆਂ ਲਈ ਬਿਲਕੁਲ ਮੁਫ਼ਤ ਹੋਵੇਗਾ ਤੇ ਵਿਦਿਆਰਥੀ ਇਸ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। ਇਹਨਾਂ ਕੋਰਸਾਂ ਨਾਲ ਜਿੱਥੇ ਵਿਦਿਆਰਥੀ ਆਪਣੇ ਵਿਹਲੇ ਸਮੇਂ ਦਾ ਸਹੀ ਉਪਯੋਗ ਕਰ ਸਕਣਗੇ, ਉੱਥੇ ਉਹਨਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ। ਇਹਨਾਂ ਕੋਰਸਾਂ ਨਾਲ ਵਿਦਿਆਰਥੀਆਂ ਅੰਦਰ ਹੁਨਰ ਪ੍ਰਦਰਸ਼ਨ ਤੇ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਵਧਣ ਦੀ ਸੰਭਾਵਨਾ ਵਿੱਚ ਵਾਧਾ ਹੋਵੇਗਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਕੋਰਸ ਵਿੱਚ ਦਾਖਲ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਤੇ ਮਿਹਨਤ ਕਰਨ ਲਈ ਪ੍ਰੇਰਿਆ।