ਦਸੂਹਾ 31 ਅਕਤੂਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਅਤੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਦਸੂਹਾ ਵਿਖੇ 30 ਅਕਤੂਬਰ ਨੂੰ ਰਾਸ਼ਟਰੀ ਸੇਵਾ ਯੋਜਨਾ (ਐਨ.ਐੱਸ.ਐੱਸ.) ਦੇ ਦੋ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪ੍ਰਿੰਸੀਪਲ ਡਾ. ਮਾਨਵ ਸੈਣੀ ਦੀ ਅਤੇ ਐਨ.ਐੱਸ.ਐੱਸ. ਦੇ ਨੋਡਲ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦੌਰਾਨ ਲੜਕਿਆਂ ਦੇ ਐਨ.ਐੱਸ.ਐੱਸ. ਵਲੰਟੀਅਰਾਂ ਦੇ ਇੰਚਾਰਜ ਨਵਿੰਦਰ ਸਿੰਘ ਅਤੇ ਮਾਂਗਟ ਸਿੰਘ ਸਨ, ਜਦਕਿ ਲੜਕੀਆਂ ਦੇ ਐਨ.ਐੱਸ.ਐੱਸ. ਵਲੰਟੀਅਰਾਂ ਦੀ ਜ਼ਿੰਮੇਵਾਰੀ ਮਨਜੀਤ, ਜਗਰੂਪ ਕੌਰ, ਸੋਨਮ ਸਲਾਰੀਆ ਅਤੇ ਮਨਪ੍ਰੀਤ ਕੌਰ ਨੇ ਨਿਭਾਈ। ਕੈਂਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਐਨ.ਐੱਸ.ਐੱਸ. ਵਲੰਟੀਅਰਾਂ ਦੀ ਰਿਪੋਰਟਿੰਗ ਅਤੇ ਹਾਜ਼ਰੀ ਦਰਜ ਕਰਨ ਨਾਲ ਹੋਈ। ਇਸ ਤੋਂ ਬਾਅਦ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਪ੍ਰਿੰਸੀਪਲ, ਨੋਡਲ ਅਫ਼ਸਰ ਅਤੇ ਐਨ.ਐੱਸ.ਐੱਸ. ਇੰਚਾਰਜਾਂ ਦੀ ਮੌਜੂਦਗੀ ਵਿੱਚ ਸਾਰੇ ਵਲੰਟੀਅਰਾਂ ਨੂੰ ਐਨ.ਐੱਸ.ਐੱਸ. ਦੀ ਸਹੁੰ ਚੁਕਾਈ ਗਈ। ਕੈਂਪ ਦੇ ਪਹਿਲੇ ਦਿਨ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦੌਰਾਨ ਐਨ.ਐੱਸ.ਐੱਸ. ਵਲੰਟੀਅਰਾਂ ਨੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ। ਇਸ ਤੋਂ ਬਾਅਦ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਪੌਦੇ ਲਗਾਏ ਗਏ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸੇ ਲੜੀ ਤਹਿਤ ਕਾਲਜ ਕੈਂਪਸ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਪਲਾਸਟਿਕ ਮੁਕਤ ਮੁਹਿੰਮ ਵੀ ਚਲਾਈ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼ਾਮ ਦੇ ਸਮੇਂ ਐਨ.ਐੱਸ.ਐੱਸ. ਵਲੰਟੀਅਰਾਂ ਵਿਚਕਾਰ ਸੜਕ ਸੁਰੱਖਿਆ ਅਤੇ ਨਸ਼ਾ ਵਿਰੋਧੀ ਵਿਸ਼ਿਆਂ ’ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਪ੍ਰਿੰਸੀਪਲ ਡਾ. ਮਾਨਵ ਸੈਣੀ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਐਨ.ਐੱਸ.ਐੱਸ. ਵਲੰਟੀਅਰਾਂ ਲਈ ਟੈਲੈਂਟ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਰਾਤ ਦੇ ਸਮੇਂ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ। ਇਸ ਉਪਰੰਤ ਐਨ.ਐੱਸ.ਐੱਸ. ਵਲੰਟੀਅਰਾਂ ਨੇ ਕਾਲਜ ਕੈਂਪਸ ਵਿੱਚ ਰਾਤ ਦਾ ਠਹਿਰਾਅ ਕੀਤਾ। ਐਨ.ਐੱਸ.ਐੱਸ. ਵਲੰਟੀਅਰਾਂ ਦੇ ਭੋਜਨ ਦਾ ਪ੍ਰਬੰਧ ਪਰਦੀਪ ਕੁਮਾਰ ਦੀ ਦੇਖ ਰੇਖ ਹੇਠ ਹੋਇਆ ਅਤੇ ਸਾਰੇ ਐਨ.ਐੱਸ.ਐੱਸ. ਵਲੰਟੀਅਰਾਂ ਨੂੰ ਰਾਤ ਦਾ ਭੋਜਨ ਕਰਵਾਇਆ ਗਿਆ।
ਫੋਟੋ ਕੈਪਸ਼ਨ : ਕੇ.ਐਮ.ਐਸ. ਕਾਲਜ ਵਿਖੇ ਲਗਾਏ ਗਏ ਦੋ ਰੋਜ਼ਾ ਐਨ.ਐੱਸ.ਐੱਸ. ਕੈਂਪ ਦੇ ਪਹਿਲੇ ਦਿਨ ਸਹੁੰ ਚੁੱਕਦੇ ਹੋਏ ਐਨ.ਐੱਸ.ਐੱਸ. ਵਲੰਟੀਅਰ।







