ਤਲਵਾੜਾ / ਦਸੂਹਾ , 17 ਸਤੰਬਰ (ਚੌਧਰੀ)
: ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਅੱਜ ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਦੇ ਦਫ਼ਤਰ ਵਿਖੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਵੱਛਤਾ ਪ੍ਰਣ ਲਿਆ ਗਿਆ। ਇਸ ਮੌਕੇ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਸਮੂਹ ਸਟਾਫ ਨੂੰ ਸਵੱਛਤਾ ਦੀ ਸਹੁੰ ਚੁਕਾਈ।
ਇਸ ਮੌਕੇ ਸੰਬੋਧਨ ਕਰਦਿਆਂ ਉਪ ਮੁੱਖ ਇੰਜਨੀਅਰ ਸ੍ਰੀ ਵਿਮਲ ਕੁਮਾਰ ਮੀਨਾ ਨੇ ਕਿਹਾ ਕਿ ਸਵੱਛਤਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ ਅਤੇ ਸਾਫ਼-ਸੁਥਰਾ ਵਾਤਾਵਰਣ ਸਿਰਜਣ ਲਈ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰ, ਦਫ਼ਤਰ ਅਤੇ ਆਲੇ-ਦੁਆਲੇ ਦੀ ਸਫ਼ਾਈ ਪ੍ਰਤੀ ਸੁਚੇਤ ਰਹੀਏ ਤਾਂ ਸਾਂਝੇ ਯਤਨਾਂ ਰਾਹੀਂ ਦੇਸ਼ ਨੂੰ ਸਵੱਛ ਅਤੇ ਸਿਹਤਮੰਦ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦ ਭਾਰਤ ਦੇ ਆਪਣੇ ਸੁਪਨੇ ਵਿੱਚ ਰਾਜਨੀਤਿਕ ਆਜ਼ਾਦੀ ਦੇ ਨਾਲ-ਨਾਲ ਸਵੱਛ ਅਤੇ ਵਿਕਸਤ ਭਾਰਤ ਦੀ ਵੀ ਕਲਪਨਾ ਕੀਤੀ ਸੀ। ਇਸ ਲਈ ਸਵੱਛਤਾ ਨੂੰ ਸਿਰਫ਼ ਇੱਕ ਸਰਕਾਰੀ ਮੁਹਿੰਮ ਤੱਕ ਸੀਮਤ ਨਾ ਰੱਖਦਿਆਂ ਇਸ ਨੂੰ ਹਰੇਕ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ।
ਸ੍ਰੀ ਮੀਨਾ ਨੇ ਸਵੱਛਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਸਵੱਛਤਾ ਇੱਕ ਜਨ ਅੰਦੋਲਨ ਦਾ ਰੂਪ ਧਾਰ ਲੈਂਦੀ ਹੈ ਤਾਂ ਇਸ ਦੇ ਸਾਰਥਕ ਅਤੇ ਦੂਰਗਾਮੀ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਿਰੰਤਰ ਕਾਇਮ ਰੱਖਣ ਅਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ।
ਇਸ ਮੌਕੇ ਨਿਗਰਾਨ ਇੰਜਨੀਅਰ ਪ੍ਰਬੋਧ ਚੰਦਰ, ਅਕਾਊਂਟ ਅਫ਼ਸਰ (ਬਜਟ) ਰਵਿੰਦਰ ਕੁਮਾਰ, ਐਸ.ਡੀ.ਓ. ਧੀਰਜ ਕੁਮਾਰ, ਰਾਜੇਸ਼ ਸ਼ਰਮਾ,ਵਿਸ਼ਾਲ ਸ਼ਰਮਾ,ਸੁਪਰਡੈਂਟ ਤਿਲਕ ਰਾਜ ਸ਼ਰਮਾ, ਜੂਨੀਅਰ ਇੰਜਨੀਅਰ ਅਰੁਣ ਕੁਮਾਰ ਸਮੇਤ ਬੀਬੀਐਮਬੀ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।







