ਗੜ੍ਹਦੀਵਾਲਾ 2 ਨਵੰਬਰ (ਚੌਧਰੀ / ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (IIC) ਨੂੰ ਨਵੀਨਤਾ ਦੇ ਖੇਤਰ ਵਿੱਚ 3.5 ਸਟਾਰ ਪ੍ਰਾਪਤ ਹੋਏ। ਇਹ ਪ੍ਰਾਪਤੀ ਕਾਲਜ ਵੱਲੋਂ ਨਵੀਨਤਮ ਵਿਚਾਰਾਂ, ਰਚਨਾਤਮਕਤਾ, ਉੱਦਮਸ਼ੀਲਤਾ ਅਤੇ ਵਿਦਿਆਰਥੀਆਂ ਵਿੱਚ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਪ੍ਰਤੀਕ ਹੈ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਈ.ਆਈ.ਸੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਨਾਲ ਅੱਗੇ ਵਧਣ, ਸਮੱਸਿਆਵਾਂ ਦੇ ਰਚਨਾਤਮਕ ਹੱਲ ਲੱਭਣ ਅਤੇ ਉੱਦਮਸ਼ੀਲਤਾ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਆਈ.ਆਈ.ਸੀ ਸੈੱਲ ਦੀ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਪ੍ਰਾਪਤੀ ਲਈ ਕਾਲਜ ਪ੍ਰਬੰਧਨ ਅਤੇ ਸਮੁੱਚੀ ਟੀਮ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਟੀਮ ਦੇ ਸਾਂਝੇ ਯਤਨਾਂ, ਸਮਰਪਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ, ਖੋਜ, ਰਚਨਾਤਮਕ ਗਤੀਵਿਧੀਆਂ ਅਤੇ ਉੱਦਮਸ਼ੀਲਤਾ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ। ਇਹ ਸਨਮਾਨ ਕਾਲਜ ਵਿੱਚ ਨਵੀਨਤਾ ਅਤੇ ਉੱਦਮਸ਼ੀਲਤਾ ਦੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗਾ।







