ਗੜ੍ਹਦੀਵਾਲਾ : (ਚੌਧਰੀ )
: ਸਿਵਲ ਸਰਜਨ ਹੁਸ਼ਿਆਰਪੁਰ ਅਤੇ ਜ਼ਿਲਾ ਟੀ.ਬੀ. ਅਫਸਰ ਡਾ. ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਦੀ ਅਗਵਾਈ ਵਿਚ ਪੀ.ਐਚ.ਸੀ.ਭੂੰਗਾ ਵਿਖੇ 100 ਰੋਜ਼ਾ ਟੀ.ਬੀ. ਮੁਕਤ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਮ.ਓ.ਡਾ.ਹਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ 7 ਦਸੰਬਰ 2024 ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 17 ਮਾਰਚ 2025 ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਸਿਹਤ ਮੁਲਾਜ਼ਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਸ਼ੱਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ ਰੇ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਦਾ ਟੀਚਾ ਦੇਸ਼ ਵਿਚੋਂ 2025 ਤੱਕ ਟੀ.ਬੀ. ਦਾ ਖਾਤਮਾ ਕਰਨ ਦਾ ਹੈ ਜਿਸ ਵਿਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੁਹਿੰਮ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਿੱਖਿਆ ਅਦਾਰਿਆਂ ਵਿਚ ਜਾ ਕੇ ਸਿਹਤ ਕਰਮਚਾਰੀ ਟੀ.ਬੀ. ਬਾਰੇ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਸਲੱਮ ਏਰੀਏ ਵਿਚ ਜਾ ਕੇ ਮਾਇਗ੍ਰੇਟਰੀ ਅਬਾਦੀ ਦੀ ਖਾਸ ਤੌਰ ਤੇ ਸਕਰੀਨਿੰਗ ਕੀਤੀ ਜਾਵੇਗੀ ਤਾਂ ਕਿ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਟੀ.ਬੀ. ਦੀ ਬਿਮਾਰੀ ਹੁੰਦੀ ਹੈ ਤਾਂ ਉਸਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਇਸਦਾ ਇਲਾਜ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਮਰੀਜ਼ ਨੂੰ 1 ਨਵੰਬਰ 2024 ਤੋਂ ਹਰ ਮਹੀਨੇ 1000 ਰੁਪਏ ਖੁਰਾਕ ਲਈ ਦਿੱਤੇ ਜਾਂਦੇ ਹਨ ਜੋ ਕਿ ਸਿਧੇ ਮਰੀਜ਼ ਦੇ ਬੈਂਕ ਖਾਤੇ ਵਿਚ ਪਾਏ ਜਾਂਦੇ ਹਨ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਧਾਰਮਿਕ ਅਦਾਰਿਆਂ ਵਿਚ ਅਨਾਊਂਸਮੈਂਟ ਕਰਵਾਈ ਜਾਵੇਗੀ ਕਿ ਜਿਸ ਮਰੀਜ਼ ਨੂੰ ਖਾਂਸੀ, ਬੁਖਾਰ, ਭਰ ਦਾ ਘਟਣਾ, ਭੁੱਖ ਘੱਟ ਲੱਗਣਾ ਆਦਿ ਲੱਛਣ ਹਨ ਉਹ ਆਪਣਾ ਟੀ.ਬੀ. ਦਾ ਟੈਸਟ ਜ਼ਰੂਰ ਕਰਵਾਏ ਤਾਂ ਕਿ ਸਮੇਂ ਸਿਰ ਬਿਮਾਰੀ ਦਾ ਇਲਾਜ ਹੋ ਸਕੇ। ਇਸ ਦੌਰਾਨ ਫੈਕਟਰੀਆਂ, ਕੰਮ ਵਾਲੀਆਂ ਥਾਵਾਂ, ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸਰਕਾਰੀ ਸੰਸਥਾਂਵਾਂ ਤੇ ਵੀ ਪਹੁੰਚ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜਸਤਿੰਦਰ ਸਿੰਘ ਬੀ ਈ ਈ, ਜਗਦੀਪ ਸਿੰਘ ਐਸ ਟੀ ਐਸ, ਉਮੇਸ਼ ਕੁਮਾਰ, ਗੁਰਿੰਦਰ ਜੀਤ ਸਿੰਘ, ਕਰਮਜੀਤ ਸਿੰਘ, ਅਰਪਿੰਦਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਕਰਮਚਾਰੀ ਹਾਜਰ ਸਨ।
ਕੈਪਸ਼ਨ : ਪੀ.ਐਚ.ਸੀ.ਭੂੰਗਾ ਵਿਖੇ ਐਸ.ਐਮ.ਓ. ਡਾ.ਹਰਜੀਤ ਸਿੰਘ 100 ਦਿਨਾ ਟੀ.ਬੀ. ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।