ਗੜ੍ਹਦੀਵਾਲਾ (ਚੌਧਰੀ)
27 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸਿੱਖਿਆ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮਲਕੀਤ ਸਿੰਘ 31 ਸਾਲ ਅਧਿਆਪਨ ਦੀਆਂ ਸੇਵਾਵਾਂ ਨਿਭਾਉਣ ਉਪਰੰਤ 31 ਅਕਤੂਬਰ, 2023 ਨੂੰ ਸੇਵਾ-ਮੁਕਤ ਹੋ ਰਹੇ ਹਨ। ਡਾ. ਮਲਕੀਤ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਹਾਸਲ ਕੀਤੀ। ਉਨ੍ਹਾਂ ਐੱਮ.ਏ.(ਪੰਜਾਬੀ) ਦੀ ਡਿਗਰੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗੋਲਡ ਮੈਡਲ ਹਾਸਲ ਕਰਕੇ ਪ੍ਰਾਪਤ ਕੀਤੀ। ਐੱਮ-ਫ਼ਿਲ ਦੀ ਡਿਗਰੀ ਵੀ ਉਹਨਾਂ ਪੰਜਾਬ ਯੂਨੀਵਰੀਸਟੀ ਚੰਡੀਗੜ੍ਹ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਡਾ. ਕੇਸਰ ਸਿੰਘ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ।ਉਹਨਾਂ ‘ਪੰਜਾਬੀ ਨਾਵਲ ਵਿੱਚ ਦਲਿਤ ਵਰਗ ਦਾ ਚਿਤਰਨ’ ਵਿਸ਼ੇ ਉੱਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ.ਐੱਚ.ਡੀ. ਡਿਗਰੀ ਹਾਸਲ ਕੀਤੀ। ਕੁਝ ਸਮਾਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਅਤੇ ਆਰੀਆ ਕਾਲਜ, ਲੁਧਿਆਣਾ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਨੇ 1992 ਨੂੰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬਤੌਰ ਲੈਕਚਰਾਰ ਦੀ ਸੇਵਾ ਆਰੰਭ ਕੀਤੀ। ਉਹ ਸੰਨ 2017 ਤੋਂ ਪੰਜਾਬੀ ਵਿਭਾਗ ਦੇ ਮੁੱਖੀ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੇ ਸੇਵਾ-ਮੁਕਤ ਹੋਣ ਉਪਰੰਤ ਉਹਨਾਂ 01 ਅਕਤੂਬਰ, 2021 ਨੁੰ ਕਾਲਜ ’ਤੇ ਕਾਰਜਕਾਰੀ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਲੱਗਭੱਗ 10 ਮਹੀਨੇ ਸੰਭਾਲੀ। ਆਪਣੇ ਸੇਵਾ ਕਾਲ ਦੌਰਾਨ ਉਹਨਂਾ ਨੇ ਬਤੌਰ ਐੱਨ.ਐੱਸ.ਐੱਸ. ਇੰਚਾਰਜ, ਕਾਲਜ ਰਜਿਸਟਰਾਰ ਅਤੇ ਸਟਾਫ਼ ਸਕੱਤਰ ਦੇ ਤੌਰ ਤੇ ਲੰਮੇ ਸਮੇਂ ਤੱਕ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਉਹ 1996 ਤੋਂ ਲੈ ਕੇ ਲਗਾਤਾਰ ਕਾਲਜ ਦੇ ਮੀਡੀਆ ਇੰਚਾਰਜ ਅਤੇ ਕਾਲਜ ਮੇਗਜ਼ੀਨ ‘ਅਵਰ ਲਾਈਫ਼’ ਦੇ ਸੰਪਾਦਕ ਦੇ ਤੌਰ ਤੇ ਕਾਲਜ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ। ਡਾ. ਮਲਕੀਤ ਸਿੰਘ ਆਪਣੇ ਸੇਵਾ ਕਾਲ ਦੌਰਾਨ ਬਹੁਤ ਸਾਰੇ ਲੋੜਵੰਦ ਵਿਦਿਆਰਥੀਆਂ ਦੀ ਫੀਸਾਂ ਦੇ ਰੂਪ ਵਿੱਚ ਆਰਥਿਕ ਸਹਾਇਤਾ ਕੀਤੀ ਅਤੇ ਉਹ ਕਾਲਜ ਲਈ ਲੋੜੀਂਦੀਆਂ ਵਸਤੂਆਂ ਪ੍ਰਦਾਨ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੰਦੇ ਆ ਰਹੇ ਹਨ। ਕਾਲਜ ਦੀ ਲੰਬੀ ਸੇਵਾ ਨਿਭਾਉਣ ਉਪਰੰਤ ਡਾ. ਮਲਕੀਤ ਸਿੰਘ 31 ਅਕਤੂਬਰ, 2023 ਨੂੰ ਕਾਲਜ ਤੋਂ ਸੇਵਾ ਮੁਕਤ ਹੋ ਰਹੇ ਹਨ।ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਇਸ ਮੌਕੇ ਕਾਲਜ ਵਲੋਂ ਉਨ੍ਹਾਂ ਨੁੰ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ।