ਡੇਂਗੂ,ਮਲੇਰੀਆ ਚਿਕਨ ਗੁਨੀਆ ਦਾ ਸੀਜ਼ਨ ਸ਼ੁਰੂ ਹੋਣ ਤੇ ਸੇਹਤ ਵਿਭਾਗ ਨੇ ਲੋਕਾਂ ਨੂੰ ਕੀਤਾ ਜਾਗਰੂਕ
ਪਠਾਨਕੋਟ 6 ਅਪ੍ਰੈਲ(ਸੂਰਜ / ਅਵਿਨਾਸ਼) : ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਹੁਕਮ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਬਿੰਦੂ ਗੁਪਤਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਘਿਆਲਾ ਵਿਖੇ ਜਗਨ ਨਾਥ ਸਿਹਤ ਵਰਕਰ ਵੱਲੋਂ ਡੇਂਗੂ, ਮਲੇਰੀਆ ਚਿਕਨ ਗੁਨੀਆ ਦਾ ਸੀਜ਼ਨ ਸ਼ੁਰੂ ਹੋਣ ਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ,ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਮੱਛਰ ਰਾਤ ਅਤੇ ਤੜਕੇ ਵੇਲੇ ਕੱਟਦੇ ਹਨ। ਇਸ ਲਈ ਆਪਣੇ ਘਰਾਂ ਜਾਂ ਆਲੇ ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ।ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ ਅਤੇ ਆਪਣੇ ਘਰਾਂ ਵਿਚ ਕੂਲਰਾਂ, ਫਰਿੱਜ ਦੀ ਬੈਕ ਸਾਈਡ ਦੀ ਟ੍ਰੇਅ, ਗਮਲੇ ,ਪੰਛੀਆਂ ਦੇ ਪਾਣੀ ਵਾਲੇ ਬਰਤਨ, ਪਾਣੀ ਵਾਲੇ ਡਰੰਮ ਆਦਿ ਸੁਕਾ ਕੇ ਦੁਬਾਰਾ ਭਰੇ ਜਾਣ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ। ਮਲੇਰੀਆ ਬੁਖਾਰ ਦੇ ਮੁੱਖ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਹਨ। ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇਡ਼ੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਮਲੇਰੀਆ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸ਼ਵੇਤਾ ਸ਼ਰਮਾ , ਦੁਪਿੰਦਰ ਜੀਤ ਕੌਰ , ਵਿਨੋਦ , ਅਵਿਨਾਸ਼, ਨਰਿੰਦਰ, ਬਲਵੀਰ, ਕ੍ਰਿਸ਼ਨਾ, ਰਾਣੀ, ਮਮਤਾ ਆਦਿ ਹਾਜ਼ਰ ਸਨ ।