ਬਟਾਲਾ, 4 ਅਗਸਤ ( ਅਵਿਨਾਸ਼ ਸ਼ਰਮਾ )
ਚੋਰੀ ਦੇ ਮੋਟਰਸਾਈਕਲ ਸਮੇਤ ਖੋਹੇ ਗਏ ਟਾਪਸ ਬਰਾਮਦ, ਪੁਲਿਸ ਨੇ ਘਟਨਾ ਸਥਾਨ ’ਤੇ ਕਰਵਾਈ ਪਰੇਡ
: ਕੁਝ ਦਿਨ ਪਹਿਲਾਂ ਬਟਾਲਾ ਦੇ ਸਰਕੂਲਰ ਰੋਡ ’ਤੇ ਇੱਕ ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹ ਕੇ ਫ਼ਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੰਗਲਵਾਰ ਨੂੰ ਦੋਵਾਂ ਮੁਲਜ਼ਮਾਂ ਨੂੰ ਘਟਨਾ ਸਥਾਨ ਸਰਕੂਲਰ ਰੋਡ ’ਤੇ ਲਿਜਾ ਕੇ ਪਰੇਡ ਵੀ ਕਰਵਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਮਲੇਸ਼ ਪਤਨੀ ਇੰਦਰਜੀਤ ਸ਼ਰਮਾ, ਵਾਸੀ ਡਰੀਮ ਐਵੀਨਿਊ ਬਟਾਲਾ, ਆਪਣੀ ਨੂੰਹ ਨਾਲ ਸਕੂਟੀ ’ਤੇ ਜਾ ਰਹੀ ਸੀ। ਜਦੋਂ ਉਹ ਸਰਕੂਲਰ ਰੋਡ ’ਤੇ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਝਪਟਾ ਮਾਰ ਕੇ ਉਨ੍ਹਾਂ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ।
ਐੱਸ.ਐੱਚ.ਓ. ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪ੍ਰਭਜੋਤ ਸਿੰਘ ਅਤੇ ਫਰਾਂਸਿਸ, ਵਾਸੀ ਪਿੰਡ ਖਾਨਫੱਤਾ, ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿਚੋਂ ਖੋਹੇ ਗਏ ਸੋਨੇ ਦੇ ਟਾਪਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਚੋਰੀ ਦਾ ਸੀ।
ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਉਨ੍ਹਾਂ ਨੂੰ ਘਟਨਾ ਸਥਾਨ ’ਤੇ ਲਿਜਾ ਕੇ ਪਰੇਡ ਕਰਵਾਈ ਤਾਂ ਜੋ ਵਾਰਦਾਤ ਨਾਲ ਸਬੰਧਤ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ।
ਐੱਸ.ਐੱਚ.ਓ. ਗੁਰਇਕਬਾਲ ਸਿੰਘ ਨੇ ਕਿਹਾ ਕਿ ਬਟਾਲਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।








