ਹੁਸ਼ਿਆਰਪੁਰ (ਬਿਊਰੋ)
–ਡਿਪਟੀ ਕਮਿਸ਼ਨਰ ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
–ਕਿਹਾ, ਹੁਸ਼ਿਆਰਪੁਰ ਦੀ ਦਸਤਕਾਰੀ, ਸ਼ਿਲਪਕਲਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਇਆ ਜਾ ਰਿਹੈ ਵਿਰਾਸਤੀ ਮੇਲਾ
–ਮੇਲੇ ’ਚ ਫੂਡ ਸਟਾਲ ਤੇ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਵੀ ਰਹਿਣਗੇ ਖਿੱਚ ਦਾ ਕੇਂਦਰ
–4 ਮਾਰਚ ਨੂੰ ਲਿਟਰੇਚਰ ਫੈਸਟੀਵਲ ਦੇ ਨਾਲ ਹੋਵੇਗਾ ਹੁਸ਼ਿਆਰਪੁਰ ਦੀ ਨਵੀਂ ਲਾਇਬ੍ਰੇਰੀ ਦਾ ਉਦਘਾਟਨ
1 ਫਰਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ 4 ਤੇ 5 ਮਾਰਚ ਨੂੰ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ‘ਹੁਸ਼ਿਆਰਪੁਰ ਵਿਰਸਾ ਮੇਲਾ’ ਦਾ ਆਯੋਜਨ ਲਾਜਵੰਤੀ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਦਸਤਕਾਰੀ, ਸ਼ਿਲਪਕਲਾ ਨੂੰ ਉਤਸ਼ਾਹਿਤ ਕਰਨ ਲਈ ਕਾਰੀਗਰਾਂ ਦੇ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸ ਦੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਵੀ ਮੇਲੇ ਵਿਚ ਸਥਾਨ ਦਿੱਤਾ ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚੇ ‘ਹੁਸ਼ਿਆਰਪੁਰ ਵਿਰਸਾ ਮੇਲਾ’ ਦੀ ਤਿਆਰੀਆਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਹੁਸ਼ਿਆਰਪੁਰ ਵਿਰਸਾ ਮੇਲਾ’ ਦਾ ਮੁੱਖ ਥੀਮ ਇਥੋਂ ਦੇ ਪਲਾਸਟਿਕ ਇਨਲੇ ਵਰਕ, ਰਵਾਇਤੀ ਨ੍ਰਿਤ ਅਤੇ ਕੁਦਰਤੀ ਉਤਪਾਦ ਰਹਿਣਗੇ, ਜਿਸ ਵਿਚ ਵੱਖ-ਵੱਖ ਕਾਰੀਗਰਾਂ, ਗੁਰੱਪਾਂ ਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ 5 ਮਾਰਚ ਨੂੰ ਸੰਗੀਤਮਈ ਸ਼ਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਫੂਡ ਸਟਾਲਾਂ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਵਿਚ ਹੁਸ਼ਿਆਰਪੁਰ ਦੇ ਮਸ਼ਹੂਰ ਸਵਾਦੀ ਪਕਵਾਨਾਂ ਤੋਂ ਇਲਾਵਾ ਹੋਰ ਫੂਡ ਸਟਾਲ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਮੇਲਾ ਜ਼ਿਲ੍ਹੇ ਦੀ ਅਮੀਰ ਸੰਸਕ੍ਰਿਤੀ ਦੀ ਝਲਕ ਪੇਸ਼ ਕਰੇਗਾ, ਜਿਸ ਵਿਚ ਜ਼ਿਲ੍ਹਾ ਵਾਸੀਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ।
ਕੋਮਲ ਮਿੱਤਲ ਨੇ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀਆਂ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਇਸ ਮੇਲੇ ਨੂੰ ਸਫ਼ਲ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 4 ਮਾਰਚ ਨੂੰ ਬੀ.ਡੀ.ਪੀ.ਓ. ਦਫ਼ਤਰ (ਨੇੜੇ ਰੈਡ ਕਰਾਸ ਦਫ਼ਤਰ) ਦੇ ਸਾਹਮਣੇ ਬਣ ਰਹੀ ਲਾਇਬ੍ਰੇਰੀ ਦਾ ਵੀ ਉਦਘਾਟਨ ਲਿਟਰੇਚਰ ਫੈਸਟੀਵਲ ਦੇ ਨਾਲ ਕੀਤਾ ਜਾਵੇਗਾ, ਜਿਸ ਵਿਚ ਜ਼ਿਲ੍ਹੇ ਦੇ ਪ੍ਰਮੁਖ ਲੇਖਕਾਂ, ਸਾਹਿਤਕਾਰਾਂ ਨੂੰ ਬੁਲਾਇਆ ਜਾਵੇਗਾ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।








