–ਵਣ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ ਸੂਬਾ ਵਾਸੀਆਂ ਨੂੰ ਸਮਰਪਿਤ
ਹੁਸ਼ਿਆਰਪੁਰ / ਗੜ੍ਹਦੀਵਾਲਾ,6 ਜਨਵਰੀ(ਯੋਗੇਸ਼ ਗੁਪਤਾ /ਚੌਧਰੀ ) : ਵਣ, ਜੰਗਲੀ ਜੀਵ ਤੇ ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਅੱਜ ਥਾਨਾ ਪਿੰਡ ਵਿਚ ਕੁਦਰਤੀ ਜਾਗਰੂਕਤਾ ਪ੍ਰੋਜੈਕਟ ਦਾ ਉਦਘਾਟਨ ਕਰਕੇ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਨਾਮ ਦੇ ਪ੍ਰੋਜੈਕਟ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ।
ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਿਚ 3 ਲੇਕ ਫੇਸਿੰਗ ਈਕੋ ਟੈਂਟ, ਬੋਟਿੰਗ ਅਤੇ ਜੰਗਲ ਸਫਾਰੀ ਜਿਪਸੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਉਪ ਪਹਾੜੀ ਸ਼ੇ੍ਰਣੀਆਂ ਵਿਚ ਇਸ ਪ੍ਰਕਾਰ ਦਾ ਸਾਹਸ ਆਧਾਰਤ ਈਕੋ ਟੂਰਿਜ਼ਮ ਆਪਣੀ ਤਰ੍ਹਾਂ ਦਾ ਅਨੋਖਾ ਪ੍ਰੋਜੈਕਟ ਹੈ। ਪੰਜਾਬ ਦੇ ਵਣ ਵਿਭਾਗ ਨੇ ਥਾਨਾ ਰਿਜ਼ਰਵ ਝੀਲ ਦੇ ਸਾਹਮਣੇ ਸ਼ਾਂਤ ਅਤੇ ਇਕਾਂਤ ਥਾਨਾ ਅਤੇ ਦੇਹਰੀਆਂ ਦੇ ਜੰਗਲਾਂ ਵਿਚ ਥਾਣਾ ਨੇਚਰ ਰਿਟਰੀਟ ਨਾਮ ਨਾਲ ਇਕ ਸ਼ਿਵਰ ਸਥਾਪਤ ਕੀਤਾ ਹੈ।
ਪ੍ਰਵੀਨ ਕੁਮਾਰ ਆਈ.ਐਫ.ਐਸ. ਪੀ.ਸੀ.ਸੀ. ਐਫ (ਐਚ.ਓ.ਐਫ.ਐਫ.) ਪੰਜਾਬ ਨੇ ਕਿਹਾ ਕਿ ਇਸ ਜੰਗਲ ਵਿਚ ਇਕ ਪ੍ਰਾਚੀਨ ਸੁੰਦਰਤਾ ਹੈ ਅਤੇ ਥਾਨਾ ਝੀਲ ਦੇ ਸਾਹਮਣੇ ਦਾ ਦ੍ਰਿਸ਼ ਕੁਦਰਤੀ ਪ੍ਰੇਮੀਆਂ ਲਈ ਇਕ ਖੁਬਸੂਰਤ ਰੰਗਤ ਫੈਲਾਉਂਦਾ ਹੈ। ਉਨ੍ਹਾਂ ਦੱਸਿਆ ਕਿ 3 ਹਰ ਮੌਸਮ ਦੇ ਅਨੁਕੂਲ ਟੈਂਟ ਕੈਂਪ ਵਿਚ ਸੈਲਾਨੀਆਂ ਨੂੰ ਭੋਜਨ ਅਤੇ ਰੇਸਤਰਾ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਸੈਲਾਨੀਆਂ ਨੂੰ ਥਾਨਾ ਡੈਮ ਦੇ ਝੀਲ ਖੇਤਰ ਵਿਚ ਕਿਸ਼ਤੀ ਦੀ ਸਫ਼ਾਰੀ ਦੀ ਵੀ ਸੁਵਿਧਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਆਫ਼ ਰੋਡ ਜਿਪਸੀਆਂ ਦੇ ਨਾਲ ਇਕ ਸਮਰਪਿਤ ਜੰਗਲ ਸਫ਼ਾਰੀ ਦੀ ਵੀ ਅੱਜ ਸ਼ੁਰੂਆਤ ਹੋਈ ਹੈ ਜੋ ਥਾਨਾ ਤੋਂ ਦੇਹਰੀਆਂ ਨੂੰ ਕੂਕਾਨੇਟ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਜਿਥੇ ਥਾਨਾ ਤੋਂ ਦੇਹਰੀਆਂ ਤੱਕ 7 ਕਿਲੋਮੀਟਰ ਦਾ ਟਰੈਕ ਰੇਤ ਦੇ ਟਿਬਿਆਂ ਰਾਹੀਂ ਸਭ ਤੋਂ ਚੰਗੀ ਸਵਾਰੀ ਪ੍ਰਦਾਨ ਕਰਦਾ ਹੈ ਉਥੇ ਦੇਹਰੀਆਂ ਤੋਂ ਕੂਕਾਨੇਟ ਤੱਕ ਦੀ 5 ਕਿਲੋਮੀਟਰ ਦੀ ਦੂਰੀ, ਜਿਥੇ ਕਿ ਪਾਣੀ ਦਾ ਨਿਰੰਤਰ ਵਹਾਅ ਪੂਰਾ ਸਾਲ ਰਹਿੰਦਾ ਹੈ, ਸੈਲਾਨੀਆਂ ਨੂੰ ਕਾਫ਼ੀ ਸੁਹਾਵਣਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਧਾਰਾ ਦੇ ਕਿਨਾਰਿਆਂ ’ਤੇ ਕੁਦਰਤੀ ਬਾਂਸ ਦੀ ਛੱਤਰੀ ਹੈ। ਟਰੈਕ ’ਤੇ ਜੰਗਲੀ ਜਾਨਵਰਾਂ ਦੀਆਂ ਗੁਫਾਵਾਂ ਦੇਖਣਾ ਆਮ ਗੱਲ ਹੈ। ਦੇਹਰੀਆਂ ਦੇ ਨਜਦੀਕ ਕੁਦਰਤ ਦਾ ਰਸਤਾ ਵੀ ਵਾਚ ਟਾਵਰ ਤੋਂ ਇਕ ਵਧੀਆ ਅਤੇ ਸ਼ਾਂਤ ਦ੍ਰਿਸ਼ ਪ੍ਰਦਾਨ ਕਰਦਾ ਹੈ।
ਹੁਸ਼ਿਆਰਪੁਰ ਵਣ ਵਿਭਾਗ ਦੇ ਕੰਜਰਵੇਟਰ ਡਾ. ਸੰਜੀਵ ਤਿਵਾੜੀ ਆਈ.ਐਫ.ਐਸ. ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਇਸ ਹਲਕੇ ਦੇ ਈਕੋ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਮੌਕਿਆਂ ਰਾਹੀਂ ਇਸ ਹਲਕੇ ਵਿਚ ਆਰਥਿਕਤਾ ਵਿਚ ਹੋਰ ਵਾਧਾ ਹੋਵੇਗਾ। ਹੁਸ਼ਿਆਰਪੁਰ ਦੇ ਡੀ.ਐਫ.ਓ. ਅਮਨੀਤ ਸਿੰਘ ਨੇ ਕਿਹਾ ਕਿ ਸੈਲਾਨੀਆਂ ਦੀ ਮੰਗ ਦੇ ਆਧਾਰ ’ਤੇ ਇਨ੍ਹਾਂ ਸੁਵਿਧਾਵਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ ਅਤੇ ਹੋਰ ਵਣ ਜੀਵ-ਜੰਤੂਆਂ ਤੋਂ ਭਰਪੂਰ ਇਲਾਕਿਆਂ ਵਿਚ ਜਿਵੇਂ ਤੱਖਣੀ ਵਾਈਲਡ ਲਾਈਫ ਸੇਂਚੁਰੀ ਨੂੰ ਵੀ ਸੈਲਾਨੀਆਂ ਲਈ ਗਲਿਆਰਾ ਬਣਾਇਆ ਜਾ ਸਕਦਾ ਹੈ। ਇਸ ਮੌਕੇ ਵਣ ਵਿਭਾਗ ਦੇ ਚੀਫ ਕੰਜਰਵੇਟਰ ਮਹਾਂਵੀਰ ਸਿੰਘ ਅਤੇ ਥਾਨਾ ਪਿੰਡ ਦੀ ਪੰਚਾਇਤ ਵੀ ਮੌਜੂਦ ਸੀ।