ਹੁਸ਼ਿਆਰਪੁਰ, 22 ਦਸੰਬਰ(ਬਿਊਰੋ) : ਜ਼ਿਲ੍ਹਾ ਯੁਵਾ ਅਫ਼ਸਰ ਨਹਿਰੂ ਯੁਵਾ ਕੇਂਦਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰਾਸ਼ਟਰ ਨਿਰਮਾਣ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣ ਲਈ ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਦੁਆਰਾ ਦੇਸ਼ ਭਰ ਵਿਚ ਚਲਾਏ ਜਾ ਰਹੇ ਰਾਸ਼ਟਰ ਭਗਤੀ ਅਤੇ ਦੇਸ਼ ਨਿਰਮਾਣ ਪ੍ਰਤੀਯੋਗਤਾ ਤਹਿਤ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪੱਧਰੀ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਚ ਆਯੋਜਿਤ ਪ੍ਰੋਗਰਾਮ ਦਾ ਸ਼ੁਭ ਆਰੰਭ ਸਵੰਤਤਰਤਾ ਸੰਗਰਾਮੀਆਂ ਨੂੰ ਸ਼ਰਧਾਂਜ਼ਲੀ ਦੇ ਕੇ ਕੀਤਾ ਗਿਆ। ਭਾਸ਼ਣ ਪ੍ਰਤੀਯੋਗਤਾ ਦਾ ਵਿਸ਼ਾ ਸਭ ਦਾ ਸਾਥ, ਸਭ ਦਾ ਵਿਕਾਸ, ਸਭਦਾ ਵਿਸ਼ਵਾਸ, ਸਭ ਦਾ ਪ੍ਰਿਆਸ ਵਿਆਪਕ ਵਿਸ਼ੇ ਨਾਲ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਰਿਹਾ। ਇਸ ਪ੍ਰਤੀਯੋਗਤਾ ਵਿਚ ਜ਼ਿਲ੍ਹੇ ਦੇ 18-29 ਸਾਲ ਵਰਗ ਦੇ ਕੁਲ 23 ਨੌਜਵਾਨ ਲੜਕੇ-ਲੜਕੀਆਂ ਨੇ ਭਾਸ਼ਣ ਕੌਸ਼ਲ ਦਾ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਪੈਨੇਲਿਸਟ ਦੀ ਜਿਊਰੀ ਵਿਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਅਸ਼ੋਕ ਪੁਰੀ ਤੇ ਪ੍ਰੋਫੈਸਰ ਨਵਦੀਪ ਕੌਰ ਸ਼ਾਮਲ ਹੋਏ। ਜ਼ਿਲ੍ਹਾ ਯੁਵਾ ਅਫ਼ਸਰ ਨੇ ਦੱਸਿਆ ਕਿ ਪ੍ਰਤੀਯੋਗਤਾ ਵਿਚ ਤਾਨਿਆ, ਤਰਨਪ੍ਰੀਤ ਅਤੇ ਸ਼ਰੂਤੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਾਰੇ ਵਿਜੇਤਾਵਾਂ ਨੂੰ ਟ੍ਰਾਫੀ ਤੇ ਕ੍ਰਮਵਾਰ 5 ਹਜ਼ਾਰ, 2 ਹਜ਼ਾਰ ਤੇ ਇਕ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਪ੍ਰਤੀਯੋਗੀਆਂ ਨੂੰ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪ੍ਰਮਾਣ ਪੱਤਰ ਵੀ ਦਿੱਤੇ ਗਏ।
ਰਾਕੇਸ਼ ਕੁਮਾਰ ਨੇ ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਹੁਣ ਸੂਬਾ ਪੱਧਰੀ ਪ੍ਰਤੀਯੋਗਤਾ ਵਿਚ ਤਾਨਿਆ ਚੰਡੀਗੜ੍ਹ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗੀ। ਰਾਸ਼ਟਰਗਾਨ ਤੋਂ ਬਾਅਦ ਸਾਰਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਪ੍ਰੋਗਰਾਮ ਵਿਚ ਲੇਖਾ ਤੇ ਪ੍ਰੋਗਰਾਮ ਸਹਾਇਕ ਵਿਜੇ ਸਿੰਘ ਰਾਣਾ, ਅਸ਼ਵਨੀ ਕੁਮਾਰ ਤੇ ਰਾਸ਼ਟਰੀ ਯੁਵਾ ਵਲੰਟੀਅਰ ਦੁਆਰਾ ਯੋਗਦਾਨ ਦਿੱਤਾ ਗਿਆ।