ਨਵਾਂਸ਼ਹਿਰ ਦੇ ਨਿੱਜੀ ਕਲੀਨਿਕ ਦੇ ਬੇਗ਼ੈਰਤ ਡਾਕਟਰ ਨੇ ਮਹਿਲਾ ਨਾਲ ਕੀਤੀ ਘਿਨੌਣੀ ਹਰਕਤ,ਮਾਮਲਾ ਦਰਜ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਇਕ ਪਾਸੇ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਸਮਝਿਆ ਜਾਂਦਾ ਹੈ ਅਤੇ ਦੂਜੇ ਪਾਸੇ ਡਾਕਟਰੀ ਪੇਸ਼ਾ ਮਾਨਵਤਾ ਲਈ ਵਰਦਾਨ ਵੀ ਮੰਨਿਆ ਜਾਂਦਾ ਹੈ । ਪਰ ਜਦੋਂ ਉਹੀ ਡਾਕਟਰ ਆਪਣੇ ਇਸ ਪਾਕ ਅਤੇ ਪਵਿੱਤਰ ਸੇਵਾ ਦੀ ਬਜਾਏ ਹੈਵਾਨ ਬਣ ਜਾਵੇ ਅਤੇ ਉਹ ਹੈਵਾਨੀਅਤ ਵੀ ਆਪਣੇ ਕਲੀਨਿਕ ‘ਚ ਆਏ ਉਨ੍ਹਾਂ ਮਰੀਜ਼ਾਂ ਨਾਲ ਹੀ ਕਰਨ ਤੇ ਉਤਰ ਆਵੇ ਜਿਹੜੇ ਕਿ ਉਸ ਉੱਪਰ ਪੂਰਾ ਵਿਸਵਾਸ ਕਰਦਿਆਂ ਆਪਣਾ ਇਲਾਜ ਕਰਵਾਉਣ ਲਈ ਆਏ ਹੋਣ ਤਾਂ ਮੰਜ਼ਰ ਕਿੰਨਾ ਭਿਆਨਕ ਹੋਵੇਗਾ । ਅਜਿਹੀ ਹੀ ਖ਼ਬਰ ਅੱਜ ਨਵਾਂਸ਼ਹਿਰ ਦੇ ਇੱਕ ਸਕਿਨ ਸਪੈਸ਼ਲਿਸਟ ਨਿੱਜੀ ਕਲੀਨਿਕ ਦੇ ਡਾਕਟਰ ਦੀ ਦਰਿੰਦਗੀ ਦੀ ਉਸ ਵੇਲੇ ਸਾਹਮਣੇ ਆਈ ਜਦੋਂ ਆਪਣੀ ਤਾਂ ਤਵੱਚਾ ਸੰਬੰਧੀ ਚੱਲ ਰਹੇ ਇਲਾਜ ਲਈ ਇੱਕ ਮਹਿਲਾ ਦਵਾਈ ਲੈਣ ਆਈ ਤਾਂ ਬੇਗ਼ੈਰਤ ਡਾਕਟਰ ਦੀ ਹੈਵਾਨੀਅਤ ਨਾਲ ਭਰੀਆਂ ਹਰਕਤਾਂ ਕਾਰਨ ਆਪਣੀ ਇੱਜ਼ਤ ਕਲੀਨਿਕ ਦੀ ਪਹਿਲੀ ਮੰਜ਼ਿਲ ਦੀ ਤਾਕੀ ਚੋਂ ਬਾਹਰ ਨੂੰ ਛਲਾਂਗ ਲਗਾ ਕੇ ਬਚਾਉਣੀ ਪਈ ਜਿਸ ਦਾ ਖਮਿਆਜ਼ਾ ਪੀੜਤ ਮਹਿਲਾ ਨੂੰ ਬਹੁਤ ਬੁਰੀ ਤਰ੍ਹਾਂ ਦਰਦ ਭਰਿਆ ਭੁਗਤਣਾ ਪੈ ਰਿਹਾ ਹੈ ਜੋ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਚ ਇਲਾਜ ਅਧੀਨ ਹੈ । ਬਹਿਰਾਮ ਨਿਵਾਸੀ ਪੀੜਤ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਉਹ ਡਾ. ਅੰਬੇਡਕਰ ਚੌਕ ਨਵਾਂਸ਼ਹਿਰ ਨਜ਼ਦੀਕ ਸਕਿਨ ਸਪੈਸ਼ਲਿਸਟ ਕਲੀਨਕ ਉੱਪਰ ਆਪਣੀ ਤਵਚਾ ਸਬੰਧੀ ਦਵਾਈ ਲੈਣ ਆਈ ਤਾਂ ਕਲੀਨਿਕ ਦਾ ਡਾਕਟਰ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਵੇਖਦੇ ਹੀ ਵੇਖਦੇ ਉਹ ਆਪਣੀ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਲੱਗਾ । ਪੀਡ਼ਤ ਮਹਿਲਾ ਵੱਲੋਂ ਡਾਕਟਰ ਦਾ ਕਈ ਵਾਰ ਵਿਰੋਧ ਕੀਤਾ ਗਿਆ ਅਤੇ ਉਸ ਨੂੰ ਇਹ ਵੀ ਡਰਾਵਾ ਦਿੱਤਾ ਗਿਆ ਕਿ ਉਸ ਨੇ ਉਸ ਦੀ ਆਪਣੇ ਫੋਨ ‘ਚ ਵੀਡੀਓਗ੍ਰਾਫੀ ਕਰ ਲਈ ਹੈ । ਇਹ ਗੱਲ ਸੁਣ ਕੇ ਤੈਸ਼ ਵਿੱਚ ਆਏ ਕਲੀਨਿਕ ਦੇ ਡਾਕਟਰ ਨੇ ਆਪਣਾ ਬਚਾਅ ਕਰਨ ਲਈ ਉਥੇ ਆਪਣੀ ਪਤਨੀ ਅਤੇ ਆਪਣੇ ਬੇਟੇ ਨੂੰ ਬੁਲਾ ਲਿਆ ਅਤੇ ਉਸ ਮਹਿਲਾ ਦਾ ਮੋਬਾਇਲ ਫੋਨ ਵੀ ਖੋਹ ਲਿਆ । ਨਿੱਜੀ ਕਲੀਨਿਕ ਦੇ ਇਸ ਡਾਕਟਰ ਵੱਲੋਂ ਉਸ ਦੀ ਤਵਚਾ ਨੂੰ ਬੁਰੀ ਤਰ੍ਹਾਂ ਨਾਲ ਖ਼ਰਾਬ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ । ਡਾਕਟਰ ਵੱਲੋਂ ਕਲੀਨਿਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਜਿਸ ਤੇ ਉਸ ਵੱਲੋਂ ਆਪਣੀ ਜਾਨ ਨੂੰ ਇਸ ਹੈਵਾਨੀਅਤ ਨਾਲ ਭਰੇ ਡਾਕਟਰ ਤੋਂ ਜ਼ਿਆਦਾ ਖ਼ਤਰਾ ਮਹਿਸੂਸ ਹੋਇਆ ਤਾਂ ਮਜਬੂਰਨ ਉਸ ਨੇ ਕਲੀਨਿਕ ਦੀ ਪਹਿਲੀ ਮੰਜ਼ਿਲ ਤੋਂ ਛਲਾਂਗ ਲਗਾਈ ਜਿਸ ਤੇ ਉਸ ਦੇ ਲੱਤਾਂ ਬਾਹਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੱਟਾਂ ਵੱਜੀਆਂ ਅਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ । ਪੀੜਤ ਮਹਿਲਾ ਨੇ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨਿੱਜੀ ਕਲੀਨਿਕ ਦੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ ।
ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ …ਐਸਐਚਓ ਸਿਟੀ ਨਵਾਂਸ਼ਹਿਰ ਸਤੀਸ਼ ਕੁਮਾਰ
ਇਸ ਸੰਬੰਧ ਵਿਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਉਪਰ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਜਾਂ ਹੈ ਅਤੇ ਉਨ੍ਹਾਂ ਵੱਲੋਂ ਕਲੀਨਿਕ ਦੀ ਡੀਵੀਆਰ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ । ਪੁਲੀਸ ਵੱਲੋਂ ਇਸ ਘਟਨਾ ਦੀ ਢੁਕਵੀਂ ਜਾਂਚ ਕੀਤੀ ਜਾ ਰਹੀ ਹੈ । ਤਫਤੀਸ਼ ਉਪਰੰਤ ਬਣਦੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ।
ਫੋਟੋ : ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਜ਼ੇਰੇ ਇਲਾਜ ਪੀੜਤ ਮਹਿਲਾ ਅਤੇ ਜਾਣਕਾਰੀ ਦਿੰਦੇ ਹੋਏ ਉਸ ਦੇ ਪਿਤਾ ।








