ਗੜ੍ਹਦੀਵਾਲਾ, 16 ਦਸੰਬਰ (ਯੋਗੇਸ਼ ਗੁਪਤਾ)-
ਗੜ੍ਹਦੀਵਾਲਾ ਨੇੜੇ ਪੈਂਦੇ ਅਕਾਲ ਅਕੈਡਮੀ ਧੁੱਗਾ ਕਲਾਂ ਦੀ ਪ੍ਰਿੰਸੀਪਲ ਵੱਲੋਂ 9ਵੀਂ ਕਲਾਸ ’ਚ ਪੜ੍ਹਦੀ ਵਿਦਿਆਰਥਣ ਹਰਲੀਨ ਕੌਰ ਨੂੰ ਥੱਪੜ ਮਾਰਨ ਨੂੰ ਲੈ ਕੇ ਮਾਮਲਾ ਭੜਕ ਉੱਠਿਆ। ਇਸ ਸਬੰਧੀ ਪਤਾ ਲੱਗਦਿਆਂ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਮਾਜ ਸੇਵਕ ਸ਼ੁਭਮ ਸਹੋਤਾ, ਸਰਪੰਚ ਬਚਿੱਤਰ ਸਿੰਘ, ਵਿਵੇਕ ਗੁਪਤਾ, ਸਿਮਰਜੀਤ ਸਿੰਮੀ ਤੇ ਹੋਰ ਮੋਹਤਬਰ ਮੌਕੇ ’ਤੇ ਪਹੁੰਚ ਗਏ।
ਇਸ ਸਬੰਧੀ ਲੜਕੀ ਦੀ ਮਾਤਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲ ਲੱਗਭਗ 29 ਹਜ਼ਾਰ ਰੁਪਏ ਫੀਸ ਦਾ ਬਕਾਇਆ ਹੈ, ਜਿਸ ਕਰ ਕੇ ਉਸ ਦੀ ਧੀ ਨਾਲ ਦੁਰਵਿਹਾਰ ਕਰਦਿਆਂ ਥੱਪੜ ਮਾਰੇ ਗਏ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਲੀਨ ਕੌਰ ਆਪਣੀ ਕਲਾਸ ਤੋਂ ਬਾਹਰ ਜਾ ਕੇ ਕਿਸੇ ਦੂਜੀ ਕਲਾਸ ’ਚ ਮੌਜੂਦ ਸੀ, ਜੋ ਕਿ ਅਨੁਸ਼ਾਸ਼ਨ ਦੇ ਵਿਰੁੱਧ ਹੈ, ਜਿਸ ਕਾਰਨ ਉਸ ਨੂੰ ਝਿੜਕ ਕੇ ਸਮਝਾਉਣਾ ਚਾਹਿਆ ਤਾਂ ਇਹ ਘਟਨਾ ਵਾਪਰ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਵੱਲੋਂ ਵਿਦਿਆਰਥਣ ਹਰਲੀਨ ਕੌਰ ਦੀ ਬਣਦੀ ਲੱਗਭਗ 29 ਹਜ਼ਾਰ ਰੁਪਏ ਦੀ ਫੀਸ ਅਪਣੇ ਵੱਲੋਂ ਮਦਦ ਦੇ ਤੌਰ ’ਤੇ ਮੌਕੇ ’ਤੇ ਦਿੱਤੀ ਗਈ। ਚੌਧਰੀ ਰਾਜਾ ਸਮੇਤ ਮੌਕੇ ’ਤੇ ਮੌਜੂਦ ਪ੍ਰਮੁੱਖ ਸੂਝਵਾਨ ਸਖਸ਼ੀਅਤਾਂ ਵੱਲੋਂ ਦੋਵਾਂ ਧਿਰਾਂ ਵਿਚਲੀ ਗਲਤਫਹਿਮੀ ਨੂੰ ਦੂਰ ਕਰ ਕੇ ਮੌਕੇ ’ਤੇ ਹੀ ਮਾਮਲਾ ਨਿਪਟਾ ਦਿੱਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।