ਅਦਾਰੇ ਖੋਲ੍ਹਣ ਦੀ ਦਿੱਤੀ ਇਜਾਜ਼ਤ
*ਜ਼ਿਲ੍ਹਾ ਮੈਜਿਸਟਰੇਟ ਨੇ ਛੇਵੀਂ ਜਮਾਤ ਤੋਂ ਸਾਰੇ ਵਿਦਿਅਕ ਅਦਾਰੇ ਖੋਲ੍ਹਣ ਦੀ ਦਿੱਤੀ ਇਜਾਜ਼ਤ*
*75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ ਜ਼ਿਲ੍ਹੇ ਵਿੱਚ ਸਾਰੇ ਹੋਟਲ, ਬਾਰ, ਰੈਸਟੋਰੈਂਟ, ਮਾਲ ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ ਅਤੇ ਫਿਟਨੈਸ ਸੈਂਟਰ
ਹੁਸ਼ਿਆਰਪੁਰ, 07 ਫਰਵਰੀ(ਬਿਊਰੋ) :ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਆਫ਼ਤ ਪ੍ਰਬੰਧਨ ਐਕਟ 2005 ਦੇ ਤਹਿਤ ਕੋਵਿਡ-19 ਨਾਲ ਸਬੰਧਤ ਲਗਾਈਆਂ ਪਾਬੰਦੀਆਂ ਨੂੰ 15 ਫਰਵਰੀ, 2022 ਤੱਕ ਵਧਾ ਦਿੱਤਾ ਹੈ । ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਛੇਵੀਂ ਜਮਾਤ ਤੋਂ ਸਕੂਲ, ਕਾਲਜ (ਮੈਡੀਕਲ ਅਤੇ ਨਰਸਿੰਗ ਕਾਲਜ ਸਮੇਤ), ਆਈ.ਟੀ.ਆਈਜ਼, ਲਾਇਬ੍ਰੇਰੀਆਂ, ਕੋਚਿੰਗ ਅਤੇ ਸਿਖਲਾਈ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ ਪਰ ਨਾਲ ਆਨਲਾਈਨ ਕਲਾਸਾਂ ਦਾ ਵਿਕਲਪ ਵੀ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਵਿੱਚ ਹਰੇਕ ਲਈ ਮਾਸਕ ਪਾਉਣਾ, ਸਮਾਜਿਕ ਦੂਰੀ ਅਤੇ ਨਿਯਮਤ ਸਫਾਈ ਦੇ ਨਿਯਮਾਂ ਦੇ ਨਾਲ-ਨਾਲ ਕੋਵਿਡ-19 ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਾ ਲਾਜ਼ਮੀ ਹੈ । ਉਨ੍ਹਾਂ ਨੇ ਵਿਦਿਅਕ ਅਦਾਰਿਆਂ ਨੂੰ ਕਿਹਾ ਕਿ ਉਹ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਹੋਣ ਸਮੇਂ ਟੀਕਾਕਰਨ ਦੀ ਘੱਟੋ-ਘੱਟ ਪਹਿਲੀ ਖੁਰਾਕ ਲੈਣ ਦੀ ਸਲਾਹ ਦੇਣ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇੱਕਠਤਾ ਲਈ 50 ਪ੍ਰਤੀਸ਼ਤ ਸਮਰੱਥਾ ਦੇ ਨਾਲ ਵੱਧ ਤੋਂ ਵੱਧ ਇਨਡੋਰ 500 ਅਤੇ ਆਊਟਡੋਰ ਦੇ ਲਈ 1000 ਲੋਕਾਂ ਦੀ ਇਜਾਜ਼ਤ ਹੋਵੇਗੀ । ਇਹ ਇਕੱਤਰਤਾ ਕੋਵਿਡ ਉਚਿੱਤ ਵਿਹਾਰ ਦੀ ਪਾਲਣਾ ਦੇ ਅਧੀਨ ਹੋਵੇਗੀ ।ਇਸ ਤੋਂ ਇਲਾਵਾ ਏਸੀ ਬੱਸਾਂ ਸਿਰਫ਼ 50 ਫ਼ੀਸਦੀ ਸਮਰੱਥਾ ਨਾਲ ਹੀ ਚੱਲ ਸਕਣਗੀਆਂ ।ਉਨ੍ਹਾਂ ਕਿਹਾ ਕਿ ਸਾਰੇ ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ, ਫਿਟਨੈਸ ਸੈਂਟਰ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ ਬਸ਼ਰਤੇ ਸਟਾਫ਼ ਵੱਲੋਂ ਕੋਵਿਡ ਦੀ ਰੋਕਥਾਮ ਸਬੰਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਗਈਆਂ ਹੋਣ ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜੋ ਮਾਸਕ ਪਹਿਨੇਗਾ ਅਤੇ ਬਾਕੀ ਦੇ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ । ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਜ਼ਿਲ੍ਹੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦਾ ਕੋਵਿਡ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੀ 72 ਘੰਟੇ ਪਹਿਲਾਂ ਆਰ.ਟੀ.ਪੀ.ਸੀ.ਆਰ ਦੀ ਰਿਪੋਰਟ ਨੈਗੇਟਿਵ ਆਈ ਹੈ। ਜੇਕਰ ਯਾਤਰੀ ਕੋਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤਾਂ ਉਸਦਾ RAT ਟੈਸਟ ਲਾਜ਼ਮੀ ਹੋਵੇਗਾ। ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਕੋਵਿਡ ਦਾ ਪੂਰੀ ਤਰ੍ਹਾਂ ਟੀਕਾਕਰਨ ਜਾਂ ਠੀਕ ਹੋਣਾ ਲਾਜ਼ਮੀ ਹੈ ਜਾਂ 72 ਘੰਟੇ ਪਹਿਲਾਂ RTPCR ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਦਿਵਿਆਂਗ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਜਾਣ ਤੋਂ ਛੋਟ ਹੋਵੇਗੀ ਪਰ ਉਨ੍ਹਾਂ ਨੂੰ ਦਫ਼ਤਰ ਦਾ ਕੰਮ ਘਰ ਤੋਂ ਹੀ ਕਰਨਾ ਹੋਵੇਗਾ ।








