ਸਿੰਗਲ ਯੂਜ਼ ਪਲਾਸਟਿਕ 1 ਜੁਲਾਈ ਤੋਂ ਹੋਵੇਗਾ ਬੰਦ : ਡਿਪਟੀ ਕਮਿਸ਼ਨਰ ਵਲੋਂ ਜੂਟ ਬੈਗ ਵਰਤਣ ਦੀ ਅਪੀਲ
–ਕਿਹਾ,ਜੂਟ ਬੈਗ ਜਾਂ ਵਾਤਾਵਰਣ ਅਨੁਕੂਲ ਥੈਲਿਆਂ ਦੀ ਕੀਤੀ ਜਾਵੇ ਵਰਤੋਂ
ਹੁਸ਼ਿਆਰਪੁਰ, 16 ਜੁਨ(ਬਿਊਰੋ) : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਪੂਰਨ ਤੌਰ ’ਤੇ ਬੰਦ ਹੋ ਜਾਵੇਗਾ ਅਤੇ ਸਰਕਾਰ ਦੇ ਇਸ ਆਦੇਸ਼ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਹੁਣ ਤੋਂ ਹੀ ਆਦਤ ਬਣਾ ਲੈਣ। ਉਨ੍ਹਾਂ ਕਿਹਾ ਕਿ ਪੋਲੀਥੀਨ ਦੀ ਵਰਤੋਂ ਨਾ ਕਰਦੇ ਹੋਏ ਜੂਟ ਬੈਗਜ਼ ਜਾਂ ਵਾਤਾਵਰਣ ਅਨੁਕੂਲ ਥੈਲਿਆਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਸ੍ਰੀ ਸੰਦੀਪ ਹੰਸ ਨੇ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਹੀ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਜੂਟ ਬੈਗਜ਼ ਬਣਵਾਏ ਜਾਣਗੇ ਅਤੇ ਇਸ ਦੀ ਵਰਤੋਂ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰੀਦੋ-ਫਰੋਖਤ ਕਰਨ ਦੌਰਾਨ ਜੂਟ ਬੈਗਜ਼ ਹੀ ਵੱਧ ਤੋਂ ਵੱਧ ਵਰਤੇ ਜਾਣ ਅਤੇ ਕਿਸੇ ਵੀ ਕੀਮਤ ’ਤੇ ਪੋਲੀਥੀਨ ਦੀ ਵਰਤੋਂ ਨਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੁੱਧ ਵਾਤਾਵਰਣ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਨੂੰ ਅੱਜ ਤੋਂ ਹੀ ਵਾਤਾਵਰਣ ਦੀ ਰਾਖੀ ਲਈ ਪ੍ਰਣ ਕਰਨਾ ਚਾਹੀਦਾ ਹੈ।