ਬਟਾਲਾ, 10 ਫਰਵਰੀ (ਅਵਿਨਾਸ਼ ਸ਼ਰਮਾ )
ਧਿਆਨਪੁਰ ਧਾਮ ’ਚ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ ਸੰਗਤਾਂ : ਦੇਵਾਚਾਰਿਆ ਸ਼੍ਰੀ ਰਾਮ ਸੁੰਦਰ ਦਾਸ ਜੀ
: ਅੱਜ ਸ਼੍ਰੀ ਬਾਵਾ ਲਾਲ ਸੇਵਕ ਸਭਾ ਬਟਾਲਾ ਵਲੋਂ 23ਵੀਂ ਪੈਦਲ ਸ਼ੋਭਾ ਯਾਤਰਾ ਸ਼੍ਰੀਸ਼੍ਰੀ 1008 ਦੇਵਾਚਾਰਿਆ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਨਾਲ ਬਟਾਲਾ ਤੋਂ ਧਿਆਨਪੁਰ ਧਾਮ ਤੱਕ ਪੂਰਨ ਸ਼ਰਧਾ ਅਤੇ ਭਾਵਨਾ ਨਾਲ ਕੱਢੀ ਗਈ। ਇਸ ਮੌਕੇ ਭਗਤਾਂ ਵਲੋਂ ਸ਼੍ਰੀ ਬਾਵਾ ਲਾਲ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਪੈਦਲ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਵਾਮੀ ਰਾਮ ਦਾਸ ਜੀ ਬਹਿਰਾਮਪੁਰ, ਤਿਆਗੀ ਪ੍ਰੇਮ ਦਾਸ ਅਤੇ ਚੇਅਰਮੈਨ ਬਾਬਾ ਨੰਦੀ ਜੀ ਵਲੋਂ ਬਟਾਲਾ ਲਾਲ ਦੁਆਰਾ ਮੰਦਰ ਮੋਨੀਆ ਮੁਹੱਲਾ ਤੋਂ ਕੀਤੀ ਗਈ। ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਊ ਜਗਦੀਸ਼ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਵਸ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਧਿਆਨਪੁਰ ਧਾਮ ’ਚ ਜਨਮ ਉਤਸਵ ਨੂੰ ਸਮਰਪਿਤ ਭਾਰੀ ਮੇਲਾ ਲੱਗਦਾ ਹੈ ਅਤੇ ਇਸ ਵਾਰ ਵੀ ਸੰਗਤਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਧ ਚੜ੍ਹ ਕੇ ਸੰਗਤਾਂ ਸ਼੍ਰੀ ਧਿਆਨਪੁਰ ਧਾਮ ’ਚ ਨਤਮਸਤਕ ਹੋ ਕੇ ਸ਼੍ਰੀ ਬਾਵਾ ਲਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਮਨੋਕਾਮਨਾਵਾਂ ਪੂਰੀਆਂ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੀ ਬਾਵਾ ਲਾਲ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਧਿਆਨਪੁਰ ਧਾਮ ਦਾ ਦਰਬਾਰ ਰੰਗ ਬਿਰੰਗੀ ਲਾਈਟਾਂ ਤੋਂ ਸਜਾਇਆ ਗਿਆ ਹੈ। ਇਸ ਮੌਕੇ ਸ਼੍ਰੀਸ਼੍ਰੀ 1008 ਦੇਵਾਚਾਰਿਆ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਵਰਨਕਾਰ ਸੰਘ ਵਿੰਗ ਦੇ ਪ੍ਰਧਾਨ ਯਸ਼ਪਾਲ ਚੌਹਾਨ, ਟਰਾਂਸਪੋਰਟ ਵਿੰਗ ਦੇ ਜ਼ਿਲਾ ਪ੍ਰਧਾਨ ਰਾਕੇਸ਼ ਤੁਲੀ, ਭਾਜਪਾ ਦੇ ਜ਼ਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਪਦਮ ਕੋਹਲੀ, ਸੇਵਾਦਾਰ ਦਿਨੇਸ਼ ਕੋਹਲੀ, ਸ਼੍ਰੀ ਬਾਵਾ ਲਾਲ ਜੀ ਸਭਾ ਬਟਾਲਾ ਦੇ ਚੇਅਰਮੈਨ ਬਾਬਾ ਨੰਦੀ ਧਿਆਨਪੁਰ, ਪ੍ਰਧਾਨ ਪ੍ਰਵੇਸ਼ ਚੰਦਰ, ਜਨਰਲ ਸਕੱਤਰ ਸ਼ੁਭਮ ਭਾਟੀਆ, ਸਕੱਤਰ ਵੇਦ ਪ੍ਰਕਾਸ਼, ਖਜਾਨਚੀ ਸੁਰਿੰਦਰ ਪਾਲ, ਰਵੀ ਭੂਸ਼ਨ, ਸਰਬਜੀਤ ਸਿੰਘ ਲਾਡੀ, ਬੂਟਾ ਰਾਮ ਭਾਟੀਆ, ਕਿਸ਼ਨ ਲਾਲ, ਕੁਲਦੀਪ ਸ਼ਰਮਾ , ਨੀਟਾ ਸ਼ਰਮਾ ਆਦਿ ਹਾਜ਼ਰ ਸਨ।