ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਕੀਤੀ ਹੜਤਾਲ
ਐਨ ਐਚ ਐਮ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਨ ਲਈ ਮਜਬੂਰ : ਪ੍ਰਧਾਨ ਪੰਕਜ਼ / ਅਮਨਦੀਪ
ਪਠਾਨਕੋਟ (ਅਵਿਨਾਸ ) : ਅੱਜ ਐਨ.ਐਚ.ਐਮ. ਪੰਜਾਬ ਦੇ ਸਮੂਹ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਪੰਕਜ ਕੁਮਾਰ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਲੱਗਭਗ 12000 ਮੁਲਾਜਮ ਪਿਛਲੇ 12-15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਸਰਕਾਰ ਵੱਲੋਂ ਜੋ ਕਿ 36000 ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ, ਉਹ ਸਿਰਫ ਵੋਟਾਂ ਲੈਣ ਲਈ ਸਰਕਾਰ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ। ਇਸ ਵਿੱਚ ਕਰੋਨਾ ਕਾਲ ਦੌਰਾਨ ਮੋਢੇ ਨਾਲ ਮੋਢੇ ਜੋੜ ਕੇ ਖੜੇ ਸਿਹਤ ਵਿਭਾਗ ਦੇ ਐਨ.ਐਚ.ਐਮ. ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਵਿੱਚ ਬਿਲ ਵਿਚ ਸ਼ਾਮਿਲ ਨਾ ਕਰਨਾ ਇਹਨਾਂ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੱਕਾ ਹੈ। ਇਸ ਦੌਰਾਨ ਉਹਨਾਂ ਦੇ ਦੱਸਿਆ ਕਿ ਨੇੜਲੇ ਰਾਜ ਰਾਜਸਥਾਨ ਅਤੇ ਉਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਦੀਆਂ ਸਰਕਾਰਾਂ ਨੇ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਪੋਲਿਸੀਆਂ ਬਣਾ ਕੇ ਰਾਜ ਦੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਹੈ। ਹਰਿਆਣਾ ਸਰਕਾਰ ਰਾਸ਼ਟਰੀ ਸਿਹਤ ਮਿਸ਼ਨ ਮੁਲਾਜਮਾਂ ਦੇ ਕਨੂੰਨ ਬਣਾ ਕੇ ਉਹਨਾਂ ਨੂੰ ਰੈਗੂਲਰ ਮੁਲਾਜਮਾਂ ਦੀ ਤਰਜ ਤੇ ਪੂਰੀਆਂ ਤਨਖਾਹਾਂ ਦੇ ਰਹੀ ਹੈ। ਇਸ ਲਈ ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਅਤੇ ਐਨ.ਆਰ.ਐਚ.ਐਮ. ਯੂਨੀਅਨ ਪੰਜਾਬ ਦੇ ਸੱਦੇ ਤੇ ਐਨ.ਐਚ.ਐਮ. ਕਰਮਚਾਰੀਆਂ ਨੇ ਅੱਜ ਮਿਤੀ 16 ਨਵੰਬਰ ਤੋਂ ਪੂਰੀ ਤਰ੍ਹਾਂ ਕੰਮ ਬੰਦ ਕਰਕੇ, ਇਸ ਬਿੱਲ ਵਿੱਚ ਸ਼ਾਮਿਲ ਕੀਤੇ ਜਾਣ ਤੱਕ ਮੁਕੰਮਲ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਜਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਸਿੰਘ, ਅਨੂਰਾਧਾ, ਪਿਆ ਮਹਾਜਨ, ਦੀਪਿਕਾ ਸ਼ਰਮਾ, ਜਤਿਨ ਕੁਮਾਰ, ਮੀਨਾਕਸ਼ੀ, ਰਵੀ ਕੁਮਾਰ, ਅਰਜੁਨ ਸਿੰਘ, ਕਰਨਵੀਰ ਸਿੰਘ, ਸ਼ਿਵ ਕੁਮਾਰ , ਪਾਰਸ ਆਦਿ ਹਾਜਰ ਸਨ।