ਟਾਂਡਾ 11 ਨਵੰਬਰ (ਬਿਊਰੋ) : ਸਥਾਨਕ ਪੁਲਿਸ ਵਲੋਂ ਪਤੀ ਪਤਨੀ ਦੀ ਮੌਤ ਤੋਂ ਬਾਅਦ ਉੰਨਾ ਦੇ ਨਿੱਜੀ ਖਾਤੇ ਚੋਂ ਏਟੀਐਮ ਤੇ ਗੈਰ ਕਨੂੰਨੀ ਢੰਗ ਨਾਲ ਪੈਸੇ ਕਢਵਾਉਣ ਤੇ ਮ੍ਰਿਤਕਾ ਦੀਆਂ ਦੋਨੋਂ ਲੜਕੀਆਂ ਨੂੰ ਡਰਾਉਣ ਧਮਕਾਉਣ ਦੇ ਦੋਸ਼’ ਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ । ਮੁਲਜਮ ਦੀ ਪਛਾਣ ਸੁਰਿੰਦਰ ਸਿੰਘ ਉਰਫ ਪੱਪੀ ਵਾਸੀ ਛਾਊਣੀ ਕਲਾਂ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ । ਜਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਦਰਖਾਸਤ ਚ ਜਸਪ੍ਰੀਤ ਕੌਰ ਪੁੱਤਰੀ ਸਵਰਗਵਾਸੀ ਸੋਢੀ ਸਿੰਘ ਪਿੰਡ ਧੂਤ ਖੁਰਦ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਦੋ ਭੈਣਾਂ ਹਨ ਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ । ਪਿਤਾ ਸੋਢੀ ਸਿੰਘ ਪੁਲਿਸ ਮਹਿਕਮੇ ਚ ਨੌਕਰੀ ਕਰਦੇ ਸਨ । ਉਨ੍ਹਾਂ ਦੀ ਮੌਤ ਤੋਂ ਬਾਅਦ ਮਾਤਾ ਰਾਜਵਿੰਦਰ ਕੌਰ ਨੂੰ ਤਰਸ ਦੀ ਬਿਨਾਅ ਤੇ ਪੁਲਿਸ ਮਹਿਕਮੇ ਵਿੱਚ ਨੌਕਰੀ ਮਿਲ ਗਈ ਤੇ ਪਿਤਾ ਦੀ ਪੈਨਸ਼ਨ ਵੀ ਲੱਗ ਗਈ।ਇਸ ਦੌਰਾਨ ਪਿਤਾ ਦੀ ਪੈਨਸ਼ਨ ਵਾਲੇ ਖਾਤੇ ਦਾ ਏਟੀਐਮ ਕਾਰਡ ਸੁਰਿੰਦਰ ਸਿੰਘ ਉਰਫ ਪੱਪੀ ਜੋ ਆਪਣੇ ਆਪ ਨੂੰ ਕਿਸੇ ਸੰਸਥਾ ਦਾ ਪ੍ਰਧਾਨ ਦੱਸਦਾ ਹੈ ਤੇ ਪ੍ਰਭਾਵਸ਼ਾਲੀ ਹੋਣ ਕਰਕੇ ਮਾਤਾ ਰਾਜਵਿੰਦਰ ਕੋਲੋਂ ਡਰਾ ਧਮਕਾ ਕੇ ਲੈ ਲਿਆ ਤੇ ਪੈਨਸ਼ਨ ਖਾਤੇ ਚੋਂ ਪੈਸੇ ਆਪ ਕਢਾਉਂਦਾ ਰਿਹਾ। ਮਿਤੀ 28 ਮਈ 2021 ਨੂੰ ਮਾਤਾ ਰਾਜਵਿੰਦਰ ਕੌਰ ਦੀ ਵੀ ਮੌਤ ਹੋ ਗਈ ਤੇ ਭੋਗ ਵੇਲੇ ਉਕਤ ਸੁਰਿੰਦਰ ਸਿੰਘ ਉਰਫ ਪੱਪੀ ਨੇ ਸਾਡੇ ਨਾਲ ਗਾਲੀ ਗਲੋਚ ਤੇ ਕੁੱਟਮਾਰ ਕੀਤੀ ਤੇ ਗੈਰ ਕਨੂੰਨੀ ਢੰਗ ਨਾਲ ਸਾਰੇ ਪੈਸੇ ਖਾਤੇ ਚੋਂ ਕਢਵਾ ਲਏ ਤੇ ਸਾਨੂੰ ਡਰਾਉਂਦਾ,ਧਮਕਾਉਂਦਾ ਤੇ ਬਲੈਕਮੇਲ ਕਰਦਾ ਰਿਹਾ। ਬਾਅਦ ਵਿੱਚ ਅਸੀਂ ਆਪਣੇ ਮਾਮੇ ਘਰ ਰਹਿਣ ਲੱਗ ਪਏ ਤੇ ਉਕਤ ਸੁਰਿੰਦਰ ਪੱਪੀ ਅਕਸਰ ਰਾਤਾਂ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਕਰਕੇ ਸਾਨੂੰ ਪ੍ਰੇਸ਼ਾਨ ਕਰਨ ਲੱਗਾ ਪਿਆ।ਉਕਤ ਦਰਖਾਸਤ ਦੀ ਇਨਕੁਆਰੀ ਉੱਪ ਕਪਤਾਨ ਸਿਟੀ ਪੁਲਿਸ ਹੁਸ਼ਿਆਰਪੁਰ ਨੇ ਕੀਤੀ।ਇਨਕੁਆਰੀ ਤੋਂ ਬਾਅਦ ਜਿਲ੍ਹਾ ਪੁਲਿਸ ਮੁਖੀ ਨੇ ਉਕਤ ਸੁਰਿੰਦਰ ਸਿੰਘ ਉਰਫ ਪੱਪੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ । ਜਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਟਾਂਡਾ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।