ਗੜ੍ਹਦੀਵਾਲਾ 21 ਸਤੰਬਰ (ਚੌਧਰੀ / ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕੈਮਿਸਟਰੀ ਵਿਭਾਗ ਦੀ ‘ਸੀ. ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸਜ਼’ ਵੱਲੋਂ ਆਈ. ਕਿਊ. ਏ. ਸੀ. (IQAC) ਦੇ ਸਹਿਯੋਗ ਨਾਲ ‘ਵਿਸ਼ਵ ਓਜ਼ੋਨ ਦਿਵਸ 2026’ ਮੌਕੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਅਤੇ ਇਸ ਦੇ ਘੱਟਣ ਨਾਲ ਹੋ ਰਹੇ ਨੁਕਸਾਨ ਪ੍ਰਤੀ ਜਾਗਰੂਕ ਕਰਨਾ ਸੀ। ਇਸਦੀ ਸ਼ੁਰੂਆਤ 15 ਸਤੰਬਰ ਨੂੰ ਇੱਕ ਦਿਨਾ ਪ੍ਰੀ – ਟ੍ਰੇਨਿੰਗ ਕੈਂਪ ਨਾਲ ਹੋਈ, ਜਿਸ ਵਿੱਚ ਕੈਮਿਸਟਰੀ ਵਿਭਾਗ ਦੇ ਮੁੱਖੀ ਡਾ. ਪੰਕਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪਿੰਡ ਵਾਸੀਆਂ ਨੂੰ ਓਜ਼ੋਨ ਪਰਤ ਦੀ ਮਹੱਤਤਾ, ਇਸ ਦੇ ਖੁਰਨ ਦੇ ਕਾਰਨਾਂ ਅਤੇ ਸਿੱਟੇ ਵਜੋਂ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਲਈ ਅਪਣਾਏ ਜਾਣ ਵਾਲੇ ਵਿਕਲਪਾਂ ਬਾਰੇ ਕਿਵੇਂ ਪ੍ਰੇਰਿਤ ਕਰਨਾ ਹੈ। ਵਿਦਿਆਰਥੀਆਂ ਨੇ 15 ਤੋਂ 17 ਸਤੰਬਰ ਨੂੰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ। ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਗੂਗਲ ਫਾਰਮ ਰਾਹੀਂ ਇੱਕ ਵਿਸ਼ੇਸ਼ ਸਰਵੇਖਣ ਵੀ ਕੀਤਾ, ਜਿਸ ਵਿੱਚ ਟ੍ਰੇਨਿੰਗ ਤੋਂ ਪਹਿਲਾਂ ਅਤੇ ਬਾਅਦ ਦੇ ਪ੍ਰਭਾਵਾਂ ਦਾ ਲੇਖਾ-ਜੋਖਾ ਕੀਤਾ ਗਿਆ। ਕੈਮਿਸਟਰੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਬੀਆ ਸ਼ਰਮਾ ਵੱਲੋਂ ਓਜ਼ੋਨ ਪਰਤ ਵਿਸ਼ੇ ‘ਤੇ ਇੱਕ ਵਿਸ਼ੇਸ਼ ‘ਐਕਸਪਰਟ ਟਾਕ’ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਇੱਕ ਬਹੁਤ ਹੀ ਲਾਹੇਵੰਦ ਇੰਟਰਐਕਟਿਵ ਸੈਸ਼ਨ ਕੀਤਾ ਅਤੇ ਪ੍ਰੈਜ਼ੈਂਟੇਸ਼ਨ ਰਾਹੀਂ ਓਜ਼ੋਨ ਪਰਤ ਦੀ ਸੁਰੱਖਿਆ ਨਾਲ ਜੁੜੇ ਅਹਿਮ ਪਹਿਲੂਆਂ ‘ਤੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਅਤੇ ਵਾਤਾਵਰਨ ਪੱਖੀ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਹਨਾਂ ਨੇ ਵਿਭਾਗ ਨੂੰ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਤ ਕੀਤਾ।







