ਦਸੂਹਾ / ਗੜ੍ਹਦੀਵਾਲਾ 5 ਨਵੰਬਰ (ਚੌਧਰੀ )
ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੇ ਵਿਕਾਸ ਕਾਰਜਾਂ ਨੂੰ ਪੂਰੀ ਤਰਜੀਹ ਦੇਣ ਦਾ ਕੀਤਾ ਵਾਅਦਾ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ, ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਅਤੇ ਹੋਰਾਂ ਨੇ ਦਿੱਤੀ ਵਧਾਈ
: ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦੀ ਅੱਜ ਹੋਈ ਚੋਣ ਦੌਰਾਨ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਸੰਗੀਤਾ ਕੁਮਾਰੀ ਨੂੰ ਚੇਅਰਪਰਸਨ ਅਤੇ ਕੁਲਦੀਪ ਕੁਮਾਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ, ਮੁਕੇਰੀਆਂ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਨਵੀਂ ਚੁਣੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 35 ਮੈਂਬਰ ਸਮੇਤ 10 ਸੰਮਤੀ ਚੇਅਰਮੈਨਾਂ ਵਿਚੋਂ 24 ਮੈਂਬਰ ਮੌਜੂਦ ਸਨ ਜਿਨ੍ਹਾਂ ਵਲੋਂ ਸਰਬਸੰਮਤੀ ਨਾਲ ਸੰਗੀਤਾ ਕੁਮਾਰੀ ਅਤੇ ਕੁਲਦੀਪ ਕੁਮਾਰ ਨੂੰ ਕ੍ਰਮਵਾਰ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਚੁਣਿਆ ਗਿਆ।
ਨਵੇਂ ਚੁਣੇ ਚੇਅਰਪਰਸਨ ਸੰਗੀਤਾ ਕੁਮਾਰੀ ਨੇ ਸਮੂਹ ਮੈਂਬਰਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰੀ ਤਰਜੀਹ ਦੇ ਕੇ ਮੁਕੰਮਲ ਕਰਵਾਉਣ ਦੇ ਨਾਲ-ਨਾਲ ਲੋੜੀਂਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸਿਰ ਸ਼ੁਰੂ ਕੀਤੇ ਲੋਕ ਭਲਾਈ ਕਾਰਜਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਲੋਕਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਨਿਰਧਾਰਤ ਸਮੇਂ ਵਿਚ ਨੇਪਰੇ ਚਾੜਨ ਅਤੇ ਲਾਗੂ ਕਰਨ ਨੂੰ ਪੂਰੀ ਤਰ੍ਹਾਂ ਪਹਿਲ ਦਿੱਤੀ ਜਾਵੇਗੀ। ਵਾਈਸ ਚੇਅਰਮੈਨ ਕੁਲਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਚਹੁੰਮੁਖੀ ਵਿਕਾਸ ਦੀ ਰਫ਼ਤਾਰ ਨੂੰ ਜ਼ਿਲ੍ਹੇ ਵਿਚ ਹੋਰ ਤੇਜ਼ ਕਰਦਿਆਂ ਪਿੰਡਾਂ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਨਵੇਂ ਚੁਣੇ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਲਈ ਪਿੰਡਾਂ ਵਿਚ ਗਰਾਂਟਾਂ ਦੀ ਕੋਈ ਥੁੜ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਲੋੜੀਂਦੇ ਕੰਮਾਂ ਨੂੰ ਪੂਰੀ ਸੁਹਿਰਦਤਾ ਨਾਲ ਮੁਕੰਮਲ ਕਰਵਾਇਆ ਜਾਵੇਗਾ। ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਰਹਿੰਦੇ ਕੰਮਾਂ ਨੂੰ ਆਉਂਦੇ ਸਮੇਂ ਵਿਚ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ। ਮੁਕੇਰੀਆਂ ਤੋਂ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਸੰਗੀਤਾ ਕੁਮਾਰੀ, ਜੋ ਮੁਕੇਰੀਆਂ ਹਲਕੇ ਨਾਲ ਸਬੰਧਤ ਹਨ, ਆਪਣੀ ਜਿੰਮੇਵਾਰੀ ਨੂੰ ਪੂਰੀ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਨੂੰ ਲੋਕਹਿੱਤ ਕੰਮਾਂ ਵਿਚ ਨਵੇਂ ਮੁਕਾਮ ’ਤੇ ਲੈ ਕੇ ਜਾਣਗੇ। ਇਸ ਮੌਕੇ ਐਸ.ਡੀ.ਐਮ ਪਰਮਪ੍ਰੀਤ ਸਿੰਘ ਵੀ ਮੌਜੂਦ ਸਨ।
—
ਕੈਪਸ਼ਨ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ, ਸਰਬਜੋਤ ਸਿੰਘ ਸਾਬੀ ਅਤੇ ਗੁਰਬਿੰਦਰ ਸਿੰਘ ਪਾਬਲਾ ਅਤੇ ਹੋਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੰਗੀਤਾ ਕੁਮਾਰੀ ਅਤੇ ਵਾਈਸ ਚੇਅਰਮੈਨ ਕੁਲਦੀਪ ਕੁਮਾਰ ਨੂੰ ਵਧਾਈ ਦਿੰਦੇ ਹੋਏ।







