ਦਸੂਹਾ 19 ਸਤੰਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿਖੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਫੈਸ਼ਨ ਉਦਯੋਗ ਦੇ ਸਮਾਜਿਕ ਅਤੇ ਵਾਤਾਵਰਣਕ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਾਲਜ ਦੇ ਡੀਨ ਅਕਾਦਮਿਕਸ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਵਰਤੇ ਜਾ ਰਹੇ ਸਸਤੇ ਸਿੰਥੈਟਿਕ ਅਤੇ ਬਣਾਵਟੀ ਰੇਸ਼ੇ ਵਾਲੇ ਕੱਪੜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਗਿਆ ਕਿ ਅਜਿਹੇ ਕੱਪੜਿਆਂ ਦੇ ਉਤਪਾਦਨ ਦੌਰਾਨ ਵੱਖ-ਵੱਖ ਕਿਸਮ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਕੱਪੜਿਆਂ ਦੀ ਵਰਤੋਂ ਨਾਲ ਜਿੱਥੇ ਮਨੁੱਖੀ ਸਿਹਤ ਅਤੇ ਚਮੜੀ ’ਤੇ ਮਾੜੇ ਪ੍ਰਭਾਵ ਪੈਣ ਦੀ ਸੰਭਾਵਨਾ ਰਹਿੰਦੀ ਹੈ, ਉੱਥੇ ਇਨ੍ਹਾਂ ਦੇ ਉਤਪਾਦਨ ਅਤੇ ਵਰਤੋਂ ਨਾਲ ਵਾਤਾਵਰਣ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਵਰਕਸ਼ਾਪ ਵਿੱਚ ਖ਼ਾਸ ਤੌਰ ’ਤੇ ਕੱਪੜਿਆਂ ਦੀ ਵਰਤੋਂ ਤੋਂ ਬਾਅਦ ਪੈਦਾ ਹੋਣ ਵਾਲੇ ਟੈਕਸਟਾਈਲ ਵੇਸਟ ਬਾਰੇ ਵੀ ਚਰਚਾ ਕੀਤੀ ਗਈ। ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਈ ਕਿਸਮ ਦੇ ਸਿੰਥੈਟਿਕ ਕੱਪੜੇ ਆਸਾਨੀ ਨਾਲ ਕੁਦਰਤੀ ਤੌਰ ’ਤੇ ਨਸ਼ਟ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਰੀਸਾਈਕਲਿੰਗ ਵੀ ਇੱਕ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ, ਅਜਿਹੇ ਕੱਪੜਿਆਂ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਸਾੜਨ ਨਾਲ ਹਾਨੀਕਾਰਕ ਧੂੰਆਂ ਅਤੇ ਪ੍ਰਦੂਸ਼ਕ ਪਦਾਰਥ ਪੈਦਾ ਹੋ ਸਕਦੇ ਹਨ, ਜੋ ਹਵਾ ਦੀ ਗੁਣਵੱਤਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਉਹਨਾ ਵਿਦਿਆਰਥੀਆਂ ਨੂੰ ਕੱਪੜਿਆਂ ਦੀ ਚੋਣ ਅਤੇ ਵਰਤੋਂ ਸਮੇਂ ਟਿਕਾਊ, ਵਾਤਾਵਰਣ-ਅਨੁਕੂਲ ਅਤੇ ਜ਼ਿੰਮੇਵਾਰ ਵਿਕਲਪਾਂ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ। ਡੀਨ ਅਕਾਦਮਿਕਸ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਫੈਸ਼ਨ ਨੂੰ ਸਿਰਫ਼ ਸੁੰਦਰਤਾ, ਰੁਝਾਨ ਜਾਂ ਵਿਅਕਤੀਗਤ ਪਸੰਦ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ, ਬਲਕਿ ਇਸ ਨਾਲ ਜੁੜੇ ਸਮਾਜਿਕ ਅਤੇ ਵਾਤਾਵਰਣਕ ਪੱਖਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਟਿਕਾਊ ਫੈਸ਼ਨ, ਜ਼ਿੰਮੇਵਾਰ ਖਪਤ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਜਿਹੀਆਂ ਵਰਕਸ਼ਾਪਾਂ ਦਾ ਮਹੱਤਵਪੂਰਨ ਉਦੇਸ਼ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਣ ਦੀ ਸੁਰੱਖਿਆ ਸਿਰਫ਼ ਸਰਕਾਰਾਂ ਜਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਕੀਤੀਆਂ ਛੋਟੀਆਂ-ਛੋਟੀਆਂ ਚੋਣਾਂ ਵੀ ਵਾਤਾਵਰਣ ’ਤੇ ਵੱਡਾ ਪ੍ਰਭਾਵ ਪਾ ਸਕਦੀਆਂ ਹਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੱਪੜਿਆਂ ਦੀ ਖਰੀਦ ਅਤੇ ਵਰਤੋਂ ਸਮੇਂ ਗੁਣਵੱਤਾ, ਟਿਕਾਊਪਣ ਅਤੇ ਵਾਤਾਵਰਣਕ ਪ੍ਰਭਾਵ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਡਾ. ਰਾਜੇਸ਼ ਕੁਮਾਰ ਵੱਲੋਂ ਕਰਵਾਈ ਗਈ ਇਸ ਜਾਗਰੂਕਤਾ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿੱਚ ਜ਼ਿੰਮੇਵਾਰ ਸੋਚ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਟਿਕਾਊ ਫੈਸ਼ਨ ਅਤੇ ਵਾਤਾਵਰਣ-ਅਨੁਕੂਲ ਜੀਵਨ-ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਇਨਾਇਤ ਕੌਰ, ਲਖਵਿੰਦਰ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਨੇਹਾ, ਕੁਸਮ ਲਤਾ, ਰੇਨੂੰ, ਹਰਦੀਪ ਕੌਰ, ਮਧੂ ਬਾਲਾ, ਜਗਰੂਪ ਕੌਰ, ਡਾ. ਨੀਲਮ, ਨਿਕਿਤਾ ਠਾਕੁਰ, ਮੁਸਕਾਨ, ਮਨਜੀਤ, ਕਿਰਨਜੀਤ ਕੌਰ, ਸੰਦੀਪ ਕਲੇਰ, ਜਸਪ੍ਰੀਤ ਕੌਰ, ਨੀਤੂ, ਸੋਨਮ ਸਲਾਰੀਆ , ਨਵਨੀਤ ਕੌਰ, ਕਾਜਲ, ਮਨਪ੍ਰੀਤ ਕੌਰ, ਪਰਦੀਪ ਕੁਮਾਰ, ਸਾਹਿਲ ਕੁਮਾਰ, ਸੰਦੀਪ ਕੌਰ, ਪ੍ਰੀਤੀ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਵਰਕਸ਼ਾਪ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ, ਵਰਕਸ਼ਾਪ ਦੌਰਾਨ ਕਾਲਜ ਦੇ ਸਾਰੇ ਵਿਭਾਗਾਂ ਦੇ ਐਚ.ਓ.ਡੀ ਅਤੇ ਫੈਕਲਟੀ ਮੈਂਬਰ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ।







