ਬਟਾਲਾ/ਡੇਰਾ ਬਾਬਾ ਨਾਨਕ 4 ਦਸੰਬਰ (ਅਵਿਨਾਸ਼ ਸ਼ਰਮਾ)–
: ਬਲਾਕ ਕਮੇਟੀ ਦੀ ਨਾਮਜ਼ਦਗੀ ਦਾਖ਼ਲ ਕਰਨ ਦਾ ਆਖਰੀ ਦਿਨ ਐਸ.ਡੀ.ਐਮ. ਦਫ਼ਤਰ ਦੇ ਬਾਹਰ ਤਣਾਅ ਭਰਿਆ ਰਿਹਾ। ਦੋਵੇਂ ਰਾਜਨੀਤਿਕ ਧਿਰਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਦਫ਼ਤਰ ਪਹੁੰਚੇ, ਜਿਸ ਦੌਰਾਨ ਤਕਰਾਰ ਹੋਈ ਅਤੇ ਹਾਲਾਤ ਹੱਥਾਪਾਈ ਤੱਕ ਪਹੁੰਚ ਗਏ। ਝਗੜੇ ਵਿੱਚ ਕਈ ਕਾਂਗਰਸੀ ਵਰਕਰਾਂ ਦੀਆਂ ਪਗੜੀਆਂ ਵੀ ਉਤਰ ਗਈਆਂ।
ਘਟਨਾ ਸਮੇਂ ਆਪ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਸਾਬਕਾ ਕੈਬਿਨਟ ਮੰਤਰੀ ਸੁੱਖਜਿੰਦਰ ਰੰਧਾਵਾ ਐੱਮਪੀ ਦੇ ਪੁੱਤਰ ਉਦੈਵੀਰ ਰੰਧਾਵਾ ਵੀ ਮੌਕੇ ‘ਤੇ ਮੌਜੂਦ ਸਨ। ਕਾਂਗਰਸੀ ਵਰਕਰਾਂ ਨੇ ਪੁਲਿਸ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ।
ਨਾਮਜ਼ਦਗੀ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਤ ਸੀ। ਦਰਗਾਬਾਦ ਦੇ ਰਹਿਣ ਵਾਲੇ ਗੁਰਮੇਜ ਸਿੰਘ ਨੇ ਦਾਅਵਾ ਕੀਤਾ ਕਿ ਦਫ਼ਤਰ ਦੇ ਅੰਦਰ ਮੌਜੂਦ ਆਪ ਵਰਕਰਾਂ ਨੇ ਉਸ ਨਾਲ ਧੱਕਾ-ਮੁੱਕੀ ਕਰਕੇ ਪਗੜੀ ਉਤਾਰ ਦਿਤੀ ਤੇ ਕਾਗਜ਼ ਵੀ ਛੀਣ ਲਏ। ਉਸਨੇ ਕਿਹਾ ਕਿ ਸਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਇਸ ਦੌਰਾਨ ਸਾਬਕਾ ਬਲਾਕ ਕਮੇਟੀ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਅਤੇ ਲੈਂਡ ਮਾਰਕੇਜ਼ ਬੈਂਕ ਦੇ ਸਾਬਕਾ ਚੇਅਰਮੈਨ ਭਗਵਾਨ ਸਿੰਘ ਦੀ ਵੀ ਪਗੜੀ ਉਤਰ ਗਈ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ‘ਤੇ ਪੁਰਾਣੇ ਗੁੰਡਾਗਰਦੀ ਦੇ ਦੋਸ਼ ਲਾਉਂਦੇ ਕਿਹਾ ਕਿ ਜੇ ਕੋਈ ਨਾਮਜ਼ਦਗੀ ਭਰਨ ਆ ਰਿਹਾ ਹੈ ਤਾਂ ਇਕੱਲਾ ਕਿਉਂ ਨਹੀਂ ਆ ਰਿਹਾ? ਭੀੜ ਲੈ ਕੇ ਆਉਣ ਦਾ ਕੀ ਮਤਲਬ? ਉਨ੍ਹਾਂ ਦਾ ਕਹਿਣਾ ਸੀ ਕਿ ਝਗੜਾ ਕਾਂਗਰਸੀ ਵਰਕਰਾਂ ਵੱਲੋਂ ਹੀ ਕੀਤਾ ਗਿਆ। “ਜੇ ਧੱਕਾ-ਮੁੱਕੀ ਹੋਵੇ ਤਾਂ ਪਗੜੀ ਤਾਂ ਉਤਰਦੀ ਹੀ ਹੈ, ਪਗੜੀ ‘ਚ ਕੋਈ ਕਿੱਲ ਨਹੀਂ ਲੱਗੀ ਹੁੰਦੀ।,” ਉਹਨਾ ਨੇ ਕਿਹਾ। ਰੰਧਾਵਾ ਨੇ ਮਾਹੌਲ ਨੂੰ ਵਿਆਹ ਦੇ ਸ਼ਰਾਰਤੀ ਮਾਮੇ-ਫੁੱਫੜ ਨਾਲ ਤੁਲਨਾ ਕਰਦੀ ਕਹਾ ਕਿ ਹਮੇਸ਼ਾ ਕੋਈ ਨਾ ਕੋਈ ਲੋਕਾਂ ਦਾ ਮੂਡ ਖਰਾਬ ਕਰ ਹੀ ਦਿੰਦਾ ਹੈ।
ਉਦੈਵੀਰ ਰੰਧਾਵਾ ਨੇ ਵੀ ਦੋਸ਼ ਲਾਏ ਕਿ ਦਰਗਾਬਾਦ ਦੇ ਕਾਂਗਰਸੀ ਵਰਕਰ ਗੁਰਮੀਤ ਸਿੰਘ ਨੂੰ ਆਪ ਵਰਕਰਾਂ ਨੇ ਮਾਰਿਆ-ਪੀਟਿਆ, ਕਾਗਜ਼ ਤੇ ਪਗੜੀ ਛੀਣ ਲਈ। ਉਸਦਾ ਕਹਿਣਾ ਸੀ ਕਿ ਆਪ ਵਰਕਰ ਹਥਿਆਰਾਂ ਨਾਲ ਫਿਰ ਰਹੇ ਸਨ। ਉਦੈਵੀਰ ਨੇ ਸਪਸ਼ਟ ਕੀਤਾ ਕਿ ਪਗੜੀ ਉਤਾਰਨ ਵਾਲਿਆਂ ਖ਼ਿਲਾਫ਼ ਡੀ.ਡੀ.ਆਰ. ਦਰਜ ਕਰਵਾ ਕੇ ਹੀ ਉਨ੍ਹਾਂ ਦੀ ਟੀਮ ਵਾਪਸ ਮੁੜੇਗੀ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਘਟਨਾ ਦੀ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ।
ਇਸ ਮੌਕੇ ਤੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਆਈਪੀਐਸ ਨੇ ਮੌਕੇ ਤੇ ਜਾ ਕੇ ਉਸ ਦਾ ਜਾਇਜ਼ਾ ਲਿਆ ਅਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਨਾਂ ਵੱਲੋਂ ਵੀ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਉੱਪਰ ਬੰਣਦੀ ਕਾਰਵਾਈ ਕੀਤੀ ਜਾਵੇਗੀ








