ਦਸੂਹਾ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਕਾਲਜ ਵੱਲੋਂ ਵਿਦਿਆਰਥੀਆਂ ਲਈ ਦੋ ਮਹੀਨੇ ਦੇ ਫ੍ਰੀ ਕੋਰਸ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਦਾ ਵਿਦਿਆਰਥੀ ਭਰਪੂਰ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿੰਨ ਪ੍ਰਮੁੱਖ ਫ੍ਰੀ ਕੋਰਸ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕੰਪਿਊਟਰ ਕੋਰਸ, ਸਟਿਚਿੰਗ ਐਂਡ ਟੇਲਰਿੰਗ ਕੋਰਸ ਅਤੇ ਬਿਊਟੀਸ਼ੀਅਨ ਕੋਰਸ ਸ਼ਾਮਲ ਹਨ। ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਨਵੀਆਂ ਤਕਨੀਕਾਂ ਅਤੇ ਵਿਹਾਰਿਕ ਜਾਣਕਾਰੀ ਹਾਸਲ ਕਰ ਰਹੇ ਹਨ। ਕੰਪਿਊਟਰ ਕੋਰਸ ਵਿੱਚ ਵਿਦਿਆਰਥੀਆਂ ਨੂੰ ਬੇਸਿਕ ਕੰਪਿਊਟਰ ਗਿਆਨ, ਐਮ.ਐਸ ਆਫਿਸ, ਇੰਟਰਨੈੱਟ ਅਤੇ ਡਿਜੀਟਲ ਸਕਿਲਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਦਕਿ ਸਟੀਚਿੰਗ ਐਂਡ ਟੇਲਰਿੰਗ ਕੋਰਸ ਵਿੱਚ ਨਵੇਂ ਡਿਜ਼ਾਈਨ, ਸਿਲਾਈ ਅਤੇ ਕੱਪੜਿਆਂ ਦੀ ਡਿਜ਼ਾਇਨਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਬਿਊਟੀਸ਼ੀਅਨ ਕੋਰਸ ਵਿੱਚ ਵਿਦਿਆਰਥੀਆਂ ਨੂੰ ਬਿਊਟੀ ਟ੍ਰੀਟਮੈਂਟ, ਮੇਕਅੱਪ ਅਤੇ ਸੈਲੂਨ ਸੰਬੰਧੀ ਵਿਹਾਰਿਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਇਨ੍ਹਾਂ ਕੋਰਸਾਂ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਕਲਾਸਾਂ ਵਿੱਚ ਹਿੱਸਾ ਲੈ ਰਹੇ ਹਨ। ਵਿਦਿਆਰਥੀਆਂ ਨੇ ਵੀ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਫ੍ਰੀ ਕਲਾਸਾਂ ਰਾਹੀਂ ਉਨ੍ਹਾਂ ਨੂੰ ਨਵੀਆਂ ਸਕਿੱਲ ਸਿੱਖਣ ਅਤੇ ਆਪਣੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਮੌਕਾ ਮਿਲ ਰਿਹਾ ਹੈ। ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਕੇ.ਐਮ.ਐਸ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਵਿਹਾਰਿਕ ਅਤੇ ਰੋਜ਼ਗਾਰਮੁਖੀ ਸਿਖਲਾਈ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਹੁਨਰ ਨੂੰ ਹੋਰ ਨਿਖ਼ਾਰ ਸਕਣ ਅਤੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ।
ਫੋਟੋ ਕੈਪਸ਼ਨ : ਫ੍ਰੀ ਕੋਰਸ ਦੀਆਂ ਕਲਾਸਾਂ ਲਗਾਉਂਦੇ ਹੋਏ ਵਿਦਿਆਰਥੀ।








