ਗੜ੍ਹਦੀਵਾਲਾ 29 ਅਕਤੂਬਰ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ.ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚੋਂ ਖ਼ਾਲਸਾ ਕਾਲਜ ਗੜ੍ਹਦੀਵਾਲਾ ਐੱਮ. ਕਾਮ ਦੀ ਹੋਣਹਾਰ ਵਿਦਿਆਰਥਣ ਸਰਬਜੀਤ ਕੌਰ ਸਪੁੱਤਰੀ ਸ. ਅਮਰਜੀਤ ਸਿੰਘ ਨੇ ਦਰਜਾ ਚੌਥਾ ਵਿੱਚੋਂ ਸਟੇਟ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ- ਪਿਤਾ, ਕਾਲਜ ਦੇ ਧਰਮ ਅਧਿਐਨ ਵਿਭਾਗ ਦਾ ਨਾਮ ਰੌਸ਼ਨ ਕੀਤਾ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾ ਵੱਲੋਂ ਉਸ ਨੂੰ ਸਨਮਾਨ ਚਿੰਨ੍ਹ ਤੇ 5100 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ.ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਧਾਰਮਿਕ ਵਿਸ਼ੇ ਦੀ ਅਧਿਆਪਕਾ ਮੈਡਮ ਜਤਿੰਦਰ ਕੌਰ ਦਾ ਵੀ ਸਨਮਾਨ ਕੀਤਾ ਗਿਆ। ਧਰਮ ਅਧਿਐਨ ਵਿਭਾਗ ਦੇ ਮੈਡਮ ਜਤਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਇਸ ਪ੍ਰੀਖਿਆ ਵਿੱਚ ਦਰਜਾ ਦੂਜਾ, ਤੀਜਾ ਅਤੇ ਚੌਥਾ ਵਿੱਚ ਕੁੱਲ 125 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ। ਜਿਨ੍ਹਾਂ ਵਿੱਚੋਂ ਸੱਤ ਵਿਦਿਆਰਥੀਆਂ ਨੇ 70% ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ 2100, 3100 ਅਤੇ 4100 ਰੁਪਏ ਦਾ ਵਜ਼ੀਫਾ ਪ੍ਰਾਪਤ ਕੀਤਾ। ਜਦ ਕਿ 60 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ 21 ਵਿਦਿਆਰਥੀਆਂ ਨੂੰ ਮੈਡਲ ਅਤੇ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ.ਜਸਪਾਲ ਸਿੰਘ ਵੱਲੋਂ ਵਿਦਿਆਰਥਣ ਸਰਬਜੀਤ ਕੌਰ ਅਤੇ ਵਜ਼ੀਫਾ ਪ੍ਰਾਪਤ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੈਡਮ ਜਤਿੰਦਰ ਕੌਰ, ਵਿਦਿਆਰਥਣ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਪੜ੍ਹਾਈ ਦੇ ਨਾਲ- ਨਾਲ ਇਸ ਤਰ੍ਹਾਂ ਦੇ ਇਮਤਿਹਾਨਾਂ ਵਿੱਚ ਵੱਧ -ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।








