ਗੜ੍ਹਦੀਵਾਲਾ 10 ਜੂਨ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ‘ਵਿਸ਼ਵ ਵਾਤਾਵਰਣ ਦਿਵਸ’ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਐੱਨ.ਐੱਨ.ਐੱਸ. ਯੂਨਿਟ, ਰੈੱਡ ਰਿਬਨ ਕਲੱਬ,ਈਕੋ ਕਲੱਬ, ਨੈਸ਼ਨਲ ਐਜੂ ਟਰੱਸਟ ਅਤੇ ਇੰਸਟੀਚਿਊਟ ਇਨੋਵੇਸ਼ਨ ਕੌਂਸਲ ਦੇ ਸਾਂਝੇ ਉਪਰਾਲੇ ਨਾਲ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਦੇ ਨਾਮਾਂ ‘ਤੇ ਪੌਦੇ ਲਗਾਏ।
ਇਹ ਵਿਸ਼ੇਸ਼ ਮੁਹਿੰਮ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਰੰਭ ਹੋਈ। ਉਨ੍ਹਾਂ ਨੇ ਕਿਹਾ ਕਿ ਮਾਵਾਂ ਦੇ ਨਾਮ ‘ਤੇ ਲਾਏ ਗਏ ਇਹ ਦਰੱਖਤ ਸਾਡੀ ਸੰਸਕ੍ਰਿਤਿਕ ਵਿਰਾਸਤ, ਪਰਿਵਾਰਕ ਮੁੱਲਾਂ ਅਤੇ ਵਾਤਾਵਰਨ ਪ੍ਰਤੀ ਸੱਚੇ ਸਨਮਾਨ ਨੂੰ ਦਰਸਾਉਂਦੇ ਹਨ। ਐੱਨ.ਐੱਨ.ਐੱਸ ਇੰਚਾਰਜ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਹਰੇ-ਭਰੇ ਭਵਿੱਖ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਹ ਮੁਹਿੰਮ ਚਲਾਈ ਗਈ। ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਮੈਡਮ ਸੀਮਾ ਕੁਮਾਰੀ, ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਦਰੱਖਤ ਲਗਾ ਕੇ ਮੁਹਿੰਮ ਨੂੰ ਸਫ਼ਲ ਬਣਾਇਆ।