ਗੜ੍ਹਦੀਵਾਲਾ 22 ਸਤੰਬਰ (PPT NEWS)
: ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿਸ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਸ ਦਾ ਛੋਟਾ ਲੜਕਾ ਸੀ ਅਤੇ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ। ਉਥੇ ਉਹ ਨਾਨ ਫੂਡ ਐੱਲ.ਆਈ.ਸੀ ਕੰਪਨੀ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਸਿੰਘ ਨੇ ਫੋਨ ‘ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੂੰ ਦੁਬਈ ਦਾ ਡਰਾਈਵਿੰਗ ਲਾਇਸੈਂਸ ਮਿਲ ਗਿਆ ਹੈ। ਇਸ ਗੱਲ ਨੂੰ ਲੈ ਕੇ ਲਖਵਿੰਦਰ ਸਿੰਘ ਅਤੇ ਪੂਰੇ ਪਰਿਵਾਰ ਵਿਚ ਖੁਸ਼ੀ ਪਾਈ ਜਾ ਰਹੀ ਸੀ।
ਕੱਲ ਸ਼ਾਮ ਜਦੋਂ ਉਨ੍ਹਾਂ ਨੂੰ ਲਖਵਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਮਿਲੀ ਤਾਂ ਉਨ੍ਹਾਂ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦਾ ਸੜਕ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਕਰਵਾਈ ਜਾਵੇ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਖਾਨਪੁਰ ਲਿਆਉਣ ਵਿਚ ਯਤਨ ਕੀਤਾ ਜਾਵੇ।








