ਬਟਾਲਾ (ਅਵਿਨਾਸ਼ ਸ਼ਰਮਾ)
: ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਨਰਿੰਦਰ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਮਾਨਵਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਦਿਆਂ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸਮਾਜ ਦੇ ਹਰ ਵਰਗ ਵਿੱਚ ਸਮਾਜ ਸੇਵਾ ਦਾ ਜਜ਼ਬਾ ਜਾਗਰਿਤ ਕਰਦੇ ਹੋਏ, ਸਥਾਨਕ ਰਾਮਲੀਲਾ ਗਰਾਊਂਡ ਵਿਖੇ ਇਹ ਖੂਨਦਾਨ ਕੈਂਪ ਵੱਡੇ ਪੱਧਰ ’ਤੇ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਬੜੀ ਉਤਸ਼ਾਹ ਨਾਲ ਖੂਨਦਾਨ ਕੀਤਾ।
ਇਸ ਮੌਕੇ ਸੁਨਹਿਰਾ ਭਾਰਤ ਰਜਿ. ਪੰਜਾਬ ਦੇ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਹਨਾਂ ਨੇ ਕਿਹਾ ਕਿ ਥੈਲੇਸੀਮੀਆ ਇੱਕ ਐਸਾ ਰੋਗ ਹੈ ਜਿਸ ਵਿੱਚ ਬੱਚਿਆਂ ਦਾ ਆਪਣਾ ਖੂਨ ਨਹੀਂ ਬਣਦਾ ਅਤੇ ਉਹ ਬਾਹਰੀ ਖੂਨ ’ਤੇ ਹੀ ਨਿਰਭਰ ਹੁੰਦੇ ਹਨ, ਇਸ ਲਈ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਬਰਾਬਰ ਹਨ।
ਅੰਗੂਰਾਲਾ ਨੇ ਕਿਹਾ ਕਿ ਡਾਕਟਰੀ ਸਾਇੰਸ ਮੁਤਾਬਕ ਖੂਨ ਦੇਣ ਨਾਲ ਦਾਤਾ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਮਰੀਜ਼ ਦੀ ਜ਼ਿੰਦਗੀ ਬਚ ਜਾਂਦੀ ਹੈ। ਉਹਨਾਂ ਨੇ ਨਰਿੰਦਰ ਸ਼ਰਮਾ ਟੀਮ ਦੇ ਸਮਾਜ ਸੇਵਾ ਭਰੇ ਕੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਵੀ ਨਸ਼ਿਆਂ ਤੋਂ ਦੂਰ ਰਹਿੰਦਿਆਂ ਸਮਾਜ ਸੇਵਾ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਤਾਕਿ ਸਿਹਤਮੰਦ ਸਮਾਜ ਦੀ ਰਚਨਾ ਹੋ ਸਕੇ।
ਨਰਿੰਦਰ ਸ਼ਰਮਾ ਨੇ ਅੰਮ੍ਰਿਤਸਰ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਅਤੇ ਰਾਮਲੀਲਾ ਗਰਾਊਂਡ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਖੂਨਦਾਨ ਕੈਂਪ ਦੀ ਸਫਲਤਾ ਵਿੱਚ ਯੋਗਦਾਨ ਪਾਇਆ।ਮੁੱਖ ਮਹਿਮਾਨ ਜੋਗਿੰਦਰ ਅੰਗੂਰਾਲਾ ਨੂੰ ਇਸ ਮੌਕੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੁਨਹਿਰਾ ਭਾਰਤ ਗੁਰਦਾਸਪੁਰ ਯੂਨਿਟ ਦੇ ਜ਼ਿਲ੍ਹਾ ਬਲੱਡ ਇੰਚਾਰਜ ਮੁਨੀਸ਼ ਤ੍ਰੇਹਨ ਵੀ ਖ਼ਾਸ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਨਰਿੰਦਰ ਮਹਾਜਨ, ਸੁਦਰਸ਼ਨ ਮਹਾਜਨ, ਚੰਦਰ ਸ਼ੇਖਰ, ਵਿਪਣ ਸ਼ਰਮਾ, ਪਰੀਆ ਦੇਵੀ, ਅੰਜਨਾ ਦੇਵੀ, ਸਿਮਰਨ ਸਿੰਘ, ਮਹਿੰਦਰ ਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਰਵਿੰਦਰ, ਅਸ਼ਵਨੀ, ਅਮਨਦੀਪ ਸਿੰਘ, ਵਿਪਨ ਮਹਾਜਨ, ਪੁਨੀਤ ਮਰਵਾਹਾ, ਕੁਲਦੀਪ ਕੁਮਾਰ, ਹਰਸ਼ ਮਹਾਜਨ, ਅੰਕੁਸ਼ ਮਹਾਜਨ, ਸੁਮਨ ਬਾਲਾ, ਬਾਵੀਕਾ, ਜਾਮਿਸ, ਟਿਪਸੀ ਆਦਿ ਹਾਜ਼ਰ ਸਨ।








