ਹੁਸ਼ਿਆਰਪੁਰ, 4 ਦਸੰਬਰ (ਪ੍ਰਾਈਮ ਪੰਜਾਬ ਟਾਈਮਜ਼)
–ਨੈਸ਼ਨਲ ਫੂਡ ਸਕਿਊਰਿਟੀ ਐਕਟ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਕੀਤਾ ਨਿਰੀਖਣ
: ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਨੈਸ਼ਨਲ ਫੂਡ ਸਕਿਊਰਿਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ, ਅਹਿਰਾਣਾ ਖੁਰਦ,ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਅਤੇ ਸਰਕਾਰੀ ਐਂਲੀਮੈਂਟਰੀ ਸਕੂਲ, ਪੁਰਹੀਰਾਂ-1ਅਤੇ ਆਂਗਨਵਾੜੀ ਸੈਂਟਰ ਕੋਡ ਨੰ. 2, 3 ਅਤੇ 23 ਅਹਿਰਾਣਾ ਖੁਰਦ, ਆਂਗਣਵਾੜੀ ਸੈਂਟਰ ਕੋਡ ਨੰ. 202 ਪੁਰਹੀਰਾਂ ਅਤੇ ਇਸ ਦੇ ਨਾਲ ਹੀ ਰਾਸ਼ਨ ਡੀਪੂ ਕਾਇਮਪੁਰ ਅਤੇ ਬਲਾਕ 2 ਛਾਉਣੀ ਕਲਾਂ (ਕੈਪ) ਆਦਿ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰੇ ਦੇ ਆਰੰਭ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ, ਅਹਿਰਾਣਾ ਖੁਰਦ ਦਾ ਨਿਰੀਖਣ ਕੀਤਾ ਗਿਆ ਨਿਰੀਖਣ ਦੌਰਾਨ ਸਕੂਲ ਵਿਖੇ ਚਲ ਰਹੀ ਮਿਡ-ਡੇ-ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਸਕੂਲ ਵਿਖੇ ਸਾਫ-ਸਫਾਈ ਦਾ ਪ੍ਰਬੰਧ ਬਹੁਤ ਮਾੜਾ ਸੀ। ਬੱਚਿਆ ਨੂੰ ਦਿੱਤੇ ਜਾਣ ਵਾਲੇ ਪੀਣ ਵਾਲੇ ਪਾਣੀ ਦਾ ਟੀ.ਡੀ.ਐਸ ਵੀ ਚੈੱਕ ਕੀਤਾ ਗਿਆ। ਇਸ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਵਿਖੇ ਨਿਰੀਖਣ ਕੀਤਾ ਗਿਆ। ਇਸ ਸਕੂਲ ਵਿਖੇ ਵੀ ਖਾਮੀਆਂ ਪਾਇਆ ਗਈਆਂ। ਸਕੂਲ ਵਿੱਚ ਫਿਲਟਰ ਮੌਜੂਦ ਸੀ, ਪਰੰਤੂ ਉਹ ਖ਼ਰਾਬ ਸੀ। ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਵਿਖੇ ਵੀ ਮਿਡ-ਡੇ- ਮੀਲ ਸਕੀਮ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਕਣਕ ਅਤੇ ਚਾਵਲ ਵਿੱਚ ਸੁਸਰੀ ਪਾਈ ਗਈ ਅਤੇ ਬੱਚਿਆ ਨੂੰ ਦਿੱਤੇ ਜਾਣ ਵਾਲੇ ਚਾਵਲ ਕੱਚੇ ਬਣੇ ਹੋਏ ਸਨ। ਚਾਵਲ ਨੂੰ ਚੰਗੇ ਤਰੀਕੇ ਨਾਲ ਪਕਾਇਆ ਨਹੀ ਗਿਆ ਸੀ। ਬਰਤਨ ਵੀ ਚੰਗੇ ਤਰੀਕੇ ਨਾਲ ਸਾਫ਼ ਨਹੀ ਕੀਤੇ ਗਏ ਸਨ। ਬੱਚਿਆਂ ਨੂ ਦਿੱਤੇ ਜਾਣ ਵਾਲੇ ਪਾਣੀ ਦਾ ਟੀ.ਡੀ.ਐਸ ਵੀ 527 ਪਾਇਆ ਗਿਆ। ਉਪਰੋਕਤ ਸਕੂਲਾਂ ਵਿੱਚ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਸਬੰਧੀ ਮੌਕੇ ‘ਤੇ ਮੌਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਨ੍ਹਾਂ ਖਾਮੀਆ ਨੂੰ ਦੂਰ ਕਰਨ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਉਪਰੰਤ ਰਿਪੋਰਟ ਕਮਿਸ਼ਨ ਨੂੰ ਭੇਜਣ ਸਬੰਧੀ ਹਦਾਇਤ ਕੀਤੀ ਗਈ।
ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਆਂਗਨਵਾੜੀ ਸੈਂਟਰਾਂ ਦਾ ਦੌਰਾ ਕੀਤਾ ਗਿਆ। ਆਂਗਨਵਾੜੀ ਸੈਟਰ ਕੋਡ ਨੰ.2 ਅਤੇ 3 ਅਹਿਰਾਣਾ ਖੁਰਦ ਸੈਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਸੈਂਟਰਾ ਦੇ ਕੰਮ ਸਬੰਧੀ ਮੈਂਬਰ ਵੱਲੋਂ ਸੁਤੰਸ਼ਟੀ ਪ੍ਰਗਟ ਕੀਤੀ ਗਈ ਅਤੇ ਨਾਲ ਹੀ ਹੋਰ ਸੁਧਾਰਾਂ ਸਬੰਧੀ ਦਿਸ਼ਾ- ਨਿਰਦੇਸ ਵੀ ਦਿੱਤੇ ਗਏ। ਆਂਗਨਵਾੜੀ ਸੈਟਰ ਕੋਡ ਨੰ. 23 ਅਹਿਰਾਣਾ ਖੁਰਦ ਵਿਖੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਵਰਕਰ 10.30 ਵਜੇ ਸੈਂਟਰ ਵਿਖੇ ਪਹੁੰਚੇ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ। ਇਸ ਸਬੰਧੀ ਮੌਕੇ ‘ਤੇ ਮੌਜੂਦ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਸਬੰਧਤ ਅਧਿਕਾਰੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਆਂਗਨਵਾੜੀ ਸੈਟਰ ਕੋਡ ਨੰ. 202 ਪੁਰਹੀਰਾਂ ਵਿਖੇ ਚੈਕਿੰਗ ਦੌਰਾਨ ਬਹੁਤ ਜ਼ਿਆਦਾ ਮਾਤਰਾ ਵਿੱਚ ਰਾਸ਼ਨ ਪਾਇਆ ਗਿਆ, ਜਿਸਦੀ ਮਿਆਦ ਮਿਤੀ ਖ਼ਤਮ ਹੋ ਚੁੱਕੀ ਸੀ। ਇਸ ਸਬੰਧੀ ਮੌਕੇ ‘ਤੇ ਮੌਜੂਦ ਅਧਿਕਾਰੀ ਕੋਈ ਸਪੱਸ਼ਟ ਜਵਾਬ ਨਹੀ ਦੇ ਸਕੇ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੈਂਬਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ।
ਇਸ ਉਪਰੰਤ ਰਾਸ਼ਨ ਡੀਪੂ ਕਾਇਮਪੁਰ ਅਤੇ ਬਲਾਕ 2 ਛਾਉਣੀ ਕਲਾਂ (ਕੈਪ) ਵਿਖੇ ਹੋ ਰਹੀ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਪਾਇਆ ਗਿਆ ਕੀ ਕਣਕ ਦੀ ਵੰਡ ਵਧਿਆ ਤਰੀਕੇ ਨਾਲ ਕੀਤੀ ਜਾ ਰਹੀ ਸੀ। ਮੋਕੇ ‘ਤੇ ਮੌਜੂਦ ਲਾਭਪਾਤਰੀਆ ਨਾਲ ਗੱਲਬਾਤ ਵੀ ਕੀਤੀ ਗਈ। ਲਾਭਪਾਤਰੀਆ ਵੱਲੋਂ ਸਤੁੰਸ਼ਟੀ ਪ੍ਰਗਟ ਕੀਤੀ ਗਈ। ਮੈਂਬਰ ਸਾਹਿਬਾਨ ਵੱਲੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਡਿਪੂਆ ‘ਤੇ ਜਾਗਰੂਕਤਾ ਬੈਨਰ ਲਗਵਾਉਣ ਸਬੰਧੀ ਹਦਾਇਤ ਕੀਤੀ ਗਈ। ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਵੱਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ। ਉਪਰੋਕਤ ਸਥਾਨਾਂ ਦੀ ਚੈਕਿੰਗ ਕਰਨ ਉਪਰੰਤ ਮੈਂਬਰ ਵੱਲੋਂ ਹਾਜ਼ਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।








