ਬਟਾਲਾ 20 ਮਾਰਚ (ਅਵਿਨਾਸ਼ ਸ਼ਰਮਾ)
: ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸ਼ੀਅਤ ਡਾਕਟਰ ਐਸ. ਪੀ. ਸਿੰਘ ਉਬਰਾਏ ਵੱਲੋਂ ਦੇਸ਼ ਵਿਦੇਸ਼ ਦੇ ਅੰਦਰ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਤਹਿਤ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਚੁੱਕਣ ਦੇ ਲਈ ਨੇਕ ਅਤੇ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਟਰੱਸਟ ਦੇ ਜ਼ਿਲ੍ਹਾ ਜਨਰਲ ਸੈਕਟਰੀ ਰਜਿੰਦਰ ਸਿੰਘ ਹੈਪੀ ਅਤੇ ਵਿੱਤ ਸਕੱਤਰ ਰਜਿੰਦਰ ਸਿੰਘ ਰਾਜੂ ਦੇ ਨਾਲ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋੜਵੰਦਾਂ ਦੇ ਲਈ ਡੈਡ ਬਾਡੀ ਫਰੀਜ਼ਰਾਂ ਦੀ ਗੱਡੀ ਨੂੰ ਰਵਾਨਾ ਕਰਦਿਆਂ ਕੀਤਾ। ਸਮਾਜ ਸੇਵੀ ਆਗੂ ਤੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਸੈਂਕੜੇ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਐਸ. ਪੀ. ਸਿੰਘ ਉਬਰਾਏ ਵੱਲੋਂ ਆਪਣੀ ਨੇਕ ਕਿਰਤ ਕਮਾਈ ਦਾ 98 ਫੀਸਦੀ ਹਿੱਸਾ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਖਰਚ ਕੀਤਾ ਜਾ ਰਿਹਾ ਹੈ। ਜਦਕਿ ਹੱਦਾਂ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਬੰਗਲਾਦੇਸ਼ ਦੇ ਪੀੜਿਤ ਲੋਕਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਡਾਕਟਰ ਐਸ. ਪੀ. ਸਿੰਘ ਉਬਰਾਏ ਵੱਲੋਂ ਅਰਬ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਕਤ ਕਰਵਾਉਂਦਿਆਂ ਕਰੋੜਾਂ ਰੁਪਏ ਦੀ ਬਲੱਡ ਮਣੀ ਦਿੱਤੀ ਗਈ ਹੈ, ਤਾਂ ਜੋ ਨੌਜਵਾਨਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਉਨਾਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਡਾਕਟਰ ਉਬਰਾਏ ਵੱਲੋਂ ਖਾੜੀ ਦੇਸ਼ਾਂ ਦੇ ਵਿੱਚ ਵੱਖ-ਵੱਖ ਹਾਦਸਿਆਂ ਦੌਰਾਨ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਬਾਦਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀ ਖਾੜੀ ਦੇਸ਼ਾਂ ਤੋਂ ਆਪਣੇ ਦੇਸ਼ ਖਾਸ ਕਰਕੇ ਪੰਜਾਬ ਲਿਆਂਦੀਆਂ ਗਈਆਂ ਹਨ, ਜਦਕਿ ਇਹਨਾਂ ਪੀੜਿਤ ਪਰਿਵਾਰਾਂ ਦੀ ਸਾਰ ਲੈਂਦੀਆਂ ਡਾਕਟਰ ਉਬਰਾਏ ਵੱਲੋਂ ਪਰਿਵਾਰਾਂ ਦੀਆਂ ਪੈਨਸ਼ਨਾਂ ਵੀ ਲਗਾਈਆਂ ਗਈਆਂ ਹਨ। ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲਾ ਗੁਰਦਾਸਪੁਰ ਦੀ ਇਕਾਈ ਪੂਰੀ ਤਨਦੇਹੀ ਦੇ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਇਸ ਮੌਕੇ ਹੋਰ ਵੀ ਮੈਂਬਰ ਹਾਜ਼ਰ ਸਨ।