ਗੜ੍ਹਦੀਵਾਲਾ 3 ਦਸੰਬਰ (ਚੌਧਰੀ / ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕਮਿਸਟਰੀ ਵਿਭਾਗ ਵੱਲੋਂ ਆਈ.ਆਈ.ਸੀ., ਆਈ.ਕਿਊ.ਏ.ਸੀ. ਅਤੇ ਇਕੋ ਕਲੱਬ (Eco Club) ਦੇ ਸਹਿਯੋਗ ਨਾਲ ਵੱਲੋਂ ‘ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ’ ਦੇ ਮੌਕੇ ‘ਸਾਫ਼ ਹਵਾ ਸਾਫ਼ ਭਾਰਤ : ਪ੍ਰਦੂਸ਼ਣ ਮੁਕਤ ਰਾਸ਼ਟਰ ਲਈ ਰਣਨੀਤੀਆਂ’ ਵਿਸ਼ੇ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਂਦੇ ਹੋਏ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਸੁਰੱਖਿਆ ਲਈ ਪ੍ਰੇਰਿਤ ਕਰਨਾ ਸੀ। ਸੈਮੀਨਾਰ ਦੀ ਸ਼ੁਰੂਆਤ ਕਮਿਸਟਰੀ ਵਿਭਾਗ ਦੇ ਮੁਖੀ ਡਾ. ਪੰਕਜ ਸ਼ਰਮਾ ਨੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਨੂੰ ਮਨਾਉਣ ਦੇ ਮਹੱਤਵ ਉੱਪਰ ਸੰਖੇਪ ਵਿੱਚ ਚਾਨਣਾ ਪਾਇਆ। ਸੈਮੀਨਾਰ ਵਿਚ ਮੁੱਖ ਵਕਤਾ ਮੈਡਮ ਅਰਸ਼ਪ੍ਰੀਤ ਕੌਰ (ਐੱਸ.ਡੀ.ਓ., ਪੰਜਾਬ ਪਲੂਸ਼ਨ ਕੰਟਰੋਲ ਬੋਰਡ, ਰਿਜ਼ਨਲ ਆਫ਼ਿਸ ਹੁਸ਼ਿਆਰਪੁਰ)ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਮੁੱਖ ਕਾਰਣਾਂ—ਜਿਵੇਂ ਕਿ ਉਦਯੋਗਿਕ ਧੂੰਆ, ਵਾਹਨਾਂ ਤੋਂ ਨਿਕਲਣ ਵਾਲੇ ਧੂਏ, ਫ਼ਸਲੀ ਅਵਸ਼ੇਸ਼ ਸਾੜਨ ਅਤੇ ਸ਼ਹਿਰੀਕਰਨ—ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਰਣਨੀਤੀਆਂ ਜਿਵੇਂ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ, ਰੁੱਖ ਲਗਾਉਣੇ, ਸਾਫ਼ ਉਰਜਾ ਸਰੋਤਾਂ ਨੂੰ ਮਹੱਤਵ ਦੇਣਾ, ਘਰੇਲੂ ਕਚਰੇ ਦੀ ਸਹੀ ਨਿਕਾਸੀ ਅਤੇ ‘Reduce–Reuse–Recycle’ ਮਾਡਲ ਦੀ ਮਹੱਤਤਾ ਉਤੇ ਵੀ ਜ਼ੋਰ ਦਿੱਤਾ। ਕਮਿਸਟਰੀ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਪੰਕਜ ਸ਼ਰਮਾ ਅਤੇ ਡਾ. ਰਾਬਿਆ ਸ਼ਰਮਾ ਨੇ ਆਪਣੇ ਪੇਪਰ ਪੇਸ਼ ਕਰਦਿਆਂ ਪ੍ਰਦੂਸ਼ਣ ਕੰਟਰੋਲ ਦਿਵਸ ਦੇ ਇਤਿਹਾਸ, ਪ੍ਰਦੂਸ਼ਣ ਦੇ ਪ੍ਰਭਾਵ ਅਤੇ ਇਸ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਦਾ ਸੁਨੇਹਾ ਦਿੱਤਾ। ਇਹ ਸੈਮੀਨਾਰ ਵਿਦਿਆਰਥੀਆਂ ਲਈ ਜਾਣਕਾਰੀ ਅਤੇ ਜਾਗਰੂਕਤਾ ਨਾਲ ਭਰਪੂਰ ਰਿਹਾ ਅਤੇ ਉਨ੍ਹਾਂ ਨੇ ਸਾਫ਼ ਤੇ ਹਰਾ-ਭਰਾ ਭਾਰਤ ਦੀ ਨਿਰਮਾਣ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।








