ਮਾਮਲਾ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਦੇ ਸਥਾਪਿਤ ਕਰਨ ਵਿੱਚ ਅਣਗਹਿਲੀ ਦਾ !
• ਬੇਵਜਾ ਰੁਕਾਵਟਾਂ ਖੜ੍ਹੀਆਂ ਕਰਨ ਵਾਲੇ ਸਿਹਤ ਅਧਿਕਾਰੀਆਂ ਖਿਲਾਫ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
• ਬੇਗਮਪੁਰਾ ਟਾਈਗਰ ਫੋਰਸ ਨੇ ਮਾਫੀਆ ਰਾਜ ਦਾ ਪਰਦਾਫਾਸ਼ ਕਰਨ ਦੀ ਕੀਤੀ ਮੰਗ
ਹੁਸ਼ਿਆਰਪੁਰ 4 ਮਈ ( ਤਰਸੇਮ ਦੀਵਾਨਾ ) : ਬੇਗਮਪੁਰਾ ਟਾਈਗਰ ਫੋਰਸ ਦੇ ਵਫਦ ਨੇ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿੱਚ ਲਗਾਈ ਜਾਣ ਵਾਲੇ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਦੇ ਸਥਾਪਿਤ ਕਰਨ ਵਿੱਚ ਸਿਹਤ ਵਿਭਾਗ ਦੇ ਅੰਦਰਲੇ ਕਥਿਤ ਭ੍ਰਿਸ਼ਟ ਅਨਸਰਾਂ ਵੱਲੋਂ ਬੇਲੋੜੀ ਦੇਰੀ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਦੀਪ ਹੰਸ ਆਈਏ ਐੱਸ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਵਫ਼ਦ ਨੇ ਦੱਸਿਆ ਕਿ ਜੇਕਰ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਕਈ ਰਸੂਖਦਾਰ ਸਫੈਦਪੋਸ਼ਾਂ ਅਤੇ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਚਲਾਏ ਜਾਂਦੇ ਮਾਫੀਆ ਰਾਜ ਦਾ ਪਰਦਾਫਾਸ਼ ਹੋ ਸਕਦਾ ਹੈ।
ਇਹ ਹੈ ਮਾਮਲਾ;
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਸਲੱਣ ਕੌਮੀ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਬਜ਼ਾਰ ਨਾਲੋਂ ਘੱਟ ਕੀਮਤਾਂ ਤੇ ਮੁਹੱਈਆ ਕਰਵਾਉਣ ਨੂੰ ਲੈ ਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ (ਪੀਪੀਪੀ) ਦੀ ਸਹਾਇਤਾ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਲੈਬਾਂ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਨਿੱਜੀ ਕੰਪਨੀਆਂ ਵੱਲੋਂ ਜਿੱਥੇ ਲੈਬਾਰਟਰੀ ਟੈਸਟ ਬਹੁਤ ਘੱਟ ਕੀਮਤਾਂ ਤੇ ਕੀਤੇ ਜਾਣੇ ਸਨ ਉੱਥੇ ਬਹੁ ਕਰੋੜੀ ਸੀਟੀ ਸਕੈਨ ਮਸ਼ੀਨਾਂ ਸਥਾਪਿਤ ਕਰਕੇ ਲੱਗਭੱਗ ਬਾਜ਼ਾਰ ਨਾਲ ਚੌਥੇ ਹਿੱਸੇ ਤੱਕ ਘੱਟ ਕੀਮਤਾਂ ‘ਤੇ ਦਿਮਾਗ,ਦਿਲ ਅਤੇ ਪੇਟ ਦੀਆਂ ਸਕੈਨਿੰਗ ਕੀਤੀਆਂ ਜਾਣੀਆਂ ਸਨ ਜਿਸ ਨਾਲ ਲੋਕਾਂ ਨੂੰ ਬਹੁਤ ਵੱਡਾ ਆਰਥਿਕ ਫਾਇਦਾ ਹੋਣਾ ਸੀ।ਪੀ ਪੀ ਪੀ ਤਹਿਤ ਪੰਜਾਬ ਵਿੱਚ ਕਰਸਨਾ ਡਾਇਗਨੌਸਟਿਕ ਲੈਬਜ਼ ਨਾਮਕ ਕੰਪਨੀ ਨੂੰ ਇਹ ਪ੍ਰਾਜੈਕਟ ਦਿੱਤਾ ਗਿਆ ਸੀ।ਇਸ ਪ੍ਰਾਜੈਕਟ ਤਹਿਤ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਸੀਟੀ ਸਕੈਨ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ ਪ੍ਰੰਤੂ ਇੱਕੋ ਇਕ ਜ਼ਿਲ੍ਹਾ ਪੰਜਾਬ ਦਾ ਹੁਸ਼ਿਆਰਪੁਰ ਹੈ ਜਿਥੇ ਲੈਬ ਸਥਾਪਤ ਕਰਨ ਤੋਂ ਬਾਅਦ ਸੀਟੀ ਸਕੈਨ ਮਸ਼ੀਨ ਹਾਲੇ ਤੱਕ ਵੀ ਲਗਾਈ ਨਹੀਂ ਜਾ ਸਕੀ।ਵਫ਼ਦ ਨੇ ਦੱਸਿਆ ਕਿ ਇਹ ਬਹੁ ਕਰੋੜੀ ਸੀਟੀ ਸਕੈਨ ਮਸ਼ੀਨ ਸੂਬੇ ਦੇ ਬਹੁਤੇ ਸਰਕਾਰੀ ਹਸਪਤਾਲਾਂ ਵਿੱਚ ਲਗਾਈ ਜਾ ਚੁੱਕੀ ਹੈ,ਪਰ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿੱਚ ਹੀ ਲੋਕਾਂ ਨੂੰ ਇਸ ਸਹੂਲਤ ਤੋਂ ਜਾਣ ਬੁੱਝ ਕੇ ਵਾਂਝਿਆਂ ਰੱਖਿਆ ਜਾਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ।ਜਿਸ ਵਿੱਚੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ।
ਸਿਹਤ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ;
ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਲੋਕ ਹਿੱਤ ਕੰਮਾਂ ਵਿਚ ਰੁਕਾਵਟਾਂ ਪਾਉਣ ਵਾਲੇ ਕਥਿਤ ਭ੍ਰਿਸ਼ਟ ਅਧਿਕਾਰੀਆਂ ਕ੍ਰਮਵਾਰ ਅਭੈ ਮੋਹਨ ਸ਼ਰਮਾ ਕੋਆਰਡੀਨੇਟਰ ਪੀਐੱਨਡੀਟੀ,ਡਾ.ਸੁਨੀਲ ਅਹੀਰ ਜ਼ਿਲਾ ਪਰਿਵਾਰ ਭਲਾਈ ਅਫਸਰ,ਡਾ.ਸਵਾਤੀ ਐੱਸ ਐੱਮ ਓ., ਕੇਵਲ ਸਿੰਘ ਕਲਰਕ ਦਫਤਰ ਸਿਵਲ ਸਰਜਨ ਦੇ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਵਿਭਾਗੀ ਕਾਰਵਾਈ ਤੋੰ ਇਲਾਵਾ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਨੌਕਰੀ ਤੋਂ ਬਰਖਾਸਤ ਕਰਨ,ਉਕਤ ਅਧਿਕਾਰੀਆਂ ਖਿਲਾਫ ਆਮਦਨ ਦੇ ਸਰੋਤਾਂ ਦੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਆਮ ਲੋਕਾਂ ਤੱਕ ਲੋਕ ਹਿੱਤ ਵਾਲੀਆਂ ਸਹੂਲਤਾਂ ਨਿਰਵਿਘਨ ਪੁੱਜਦੀਆਂ ਹੋ ਸਕਣ।ਵਫਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਸ ਮੰਗ ਪੱਤਰ ਨੂੰ ਪੰਜਾਬ ਸਰਕਾਰ ਪਾਸ ਲੋੜੀੰਦੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਭੇਜੇ ਜਾਣ ਬਾਰੇ ਭਰੋਸਾ ਦਿੱਤਾ।ਇਸ ਵਫਦ ਵਿੱਚ ਕੌਮੀ ਵਾਈਸ ਕੌਮੀ ਪ੍ਰਧਾਨ ਅਸ਼ੋਕ ਸੱਲਣ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਹੰਸਰਾਜ ਅਸਲਾਮਾਬਾਦ ਬੱਬੂ ਸਿੰਗੜੀਵਾਲ ,ਜ਼ਿਮੀਂ ਮੱਲ ਮਜਾਰਾ ਅਤੇ ਹੋਰ ਆਗੂ ਸ਼ਾਮਿਲ ਸਨ।
ਕੈਪਸ਼ਨ; ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਬਹੁ ਕਰੋੜੀ ਸਿਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਿੱਚ ਬੇਲੋੜੀ ਦੇਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਲਈ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੰਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਦਾ ਵਫਦ।








