ਚੰਡੀਗੜ੍ਹ 20 ਦਸੰਬਰ : ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਵੱਲੋਂ ਕੱਲ੍ਹ ਆਪਣੀਆਂ ਹੱਕੀ ਮੰਗਾਂ ਦੇ ਲਈ ਖਰੜ ਵਿਖੇ ਵੰਗਾਰ ਰੈਲੀ ਕੀਤੀ ਗਈ। ਰੈਲੀ ਵਿੱਚ ਪਹੁੰਚੇ ਵਿਸ਼ਾਲ ਇਕੱਠ ਨੇ ਜਿਥੇ ਹੁਕਮਰਾਨਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ, ਉਥੇ ਹੀ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਨਾਲ ਸ਼ਾਮ ਛੇ ਵਜੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਮੀਟਿੰਗ ਤੈਅ ਕਰਵਾ ਦਿੱਤੀ। ਜਿਸ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਰੈਲੀ ਸਮਾਪਤ ਕਰ ਦਿੱਤੀ।
ਖਬਰਾਂ ਮੁਤਾਬਕ ਕੱਲ ਖਰੜ ਰੈਲੀ ਤੋਂ ਮਗਰੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਮੁਲਾਜ਼ਮਾਂ ਦੀ ਮੀਟਿੰਗ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਕਈ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ। ਇਕ ਨਿਊਜ਼ ਵੈੱਬਸਾਈਟ ਦੇ ਮੁਤਾਬਕ ਮੁਲਾਜ਼ਮਾਂ ਦੀਆਂ ਜੋ ਮੰਗਾਂ ਮੰਨੀਆਂ ਗਈਆਂ ਹਨ, ਉਨ੍ਹਾਂ ਦੇ ਵਿੱਚ ਮੁਲਾਜਮਾਂ ਦੇ ਕੱਟੇ ਹੋਏ ਸਾਰੇ ਭੱਤੇ ਬਹਾਲ ਕਰਨ ਦਾ ਪੱਤਰ ਇਸੇ ਹਫਤੇ ਜਾਰੀ ਹੋਵੇਗਾ।
ਅੱਜ ਯਾਨੀਕਿ 20 ਦਸੰਬਰ ਨੂੰ ਹੀ ਰੈਡੀ ਕਮੇਟੀ ਰਿਪੋਰਟ ਜਮ੍ਹਾਂ ਕਰਾਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇ ਪੰਜਾਬ ਸਰਕਾਰ ਫੈਸਲਾ ਲਵੇਗੀ। ਪੇ ਕਮਿਸ਼ਨ ਲਈ ਡੀ.ਏ .113 ਤੋਂ 119 ਦੀ ਦਰ ਦਾ ਪੱਤਰ ਵੀ ਜਲਦੀ ਜਾਰੀ ਕੀਤਾ ਜਾਵੇਗਾ, ਇਸ ਸਬੰਧੀ ਵੀ ਸਹਿਮਤੀ ਬਣ ਗਈ ਹੈ।
ਮੀਟਿੰਗ ਵਿੱਚ ਆਊਟਸੋਰਸਿੰਗ ਨੂੰ ਕੰਟਰੈਕਟ ਉੱਪਰ ਅਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੰਨਿਆ ਗਿਆ ਹੈ। ਪੇ ਕਮਿਸ਼ਨ ਦੇ ਸਾਰੇ ਲਾਭ ਪੈਨਸ਼ਨਰਾਂ ‘ਤੇ ਵੀ ਲਾਗੂ ਹੋਣਗੇ। ਮਾਣ ਭੱਤੇ ਵਾਲੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨੇ ਕੁਝ ਵੀ ਦੇਣ ਤੋਂ ਸਾਫ ਮਨ੍ਹਾ ਕੀਤਾ ਗਿਆ ਹੈ।