ਬੀਬੀ ਕਟਾਰੀਆ ਨੇ ਦੁਕਾਨਦਾਰਾਂ ਦੀ ਸਮੱਸਿਆ ਦਾ ਕਰਾਇਆ ਹੱਲ
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਸਥਾਨਕ ਮੇਨ ਚੌਕ ਬਲਾਚੌਰ ‘ਚ ਪਾਵਰਕਾਮ ਵਿਭਾਗ ਵੱਲੋਂ 11 ਕੇਵੀ ਤਾਰ ਨੂੰ ਗਲਤ ਤਰੀਕੇ ਨਾਲ ਪਾਏ ਜਾਣ ‘ਤੇ ਲੋਕਾਂ ਵੱਲੋਂ ਕੀਤੇ ਇਤਰਾਜ ਸਬੰਧੀ ਹਲਕਾ ਵਿਧਾਇਕ ਬਲਾਚੌਰ ਬੀਬੀ ਸੰਤੋਸ਼ ਕਟਾਰੀਆ ਵੱਲੋਂ ਮੌਕੇ ‘ਤੇ ਪੁੱਜ ਕੇ ਖੁਦ ਸਥਿਤੀ ਦਾ ਜਾਇਜ਼ਾ ਲਿਆ ਅਤੇ ਤਾਰ ਨੂੰ ਸਹੀ ਦਿਸ਼ਾ ‘ਤੇ ਪਾਉਣ ਦੇ ਆਦੇਸ਼ ਦਿੱਤੇ। ਇਸ ਸਬੰਧ ‘ਚ ਹਲਕਾ ਵਿਧਾਇਕ ਨੇ ਆਖਿਆ ਕਿ ਲੋਕਾਂ ‘ਚ ਵਿਚਰਕੇ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨਾਂ ਦਾ ਫ਼ਰਜ਼ ਹੈ। ਉਹ ਇਲਾਕੇ ਦਾ ਵਿਕਾਸ ਬਿਨਾ ਕਿਸੇ ਵਿਤਕਰੇ ‘ਤੇ ਕਰਵਾਉਣ ਲਈ ਜਿੱਥੇ ਵਚਨਵੱਧ ਹਨ, ਉਥੇ ਹੀ ਜ਼ਰੂਰਤਮੰਦ ਲੋਕਾਂ ਦੀ ਹਰ ਮੁਸ਼ਿਕਲ ਦਾ ਉਨਾਂ ਵੱਲੋਂ ਪਹਿਲ ਦੇ ਆਧਾਰ ‘ਤੇ ਹੱਲ ਕਰਾਇਆ ਜਾਵੇਗਾ। ਉਨਾਂ ਆਖਿਆ ਕਿ ਸਥਾਨਕ ਸ਼ਹਿਰ ਬਲਾਚੌਰ ਦੇ ਦੁਕਾਨਦਾਰਾਂ ਨੂੰ ਜੋ 11 ਕੇਵੀ ਬਿਜਲੀ ਸਪਲਾਈ ਲਾਈਨ ਦੀਆਂ ਨੀਵੀਆਂ ਤਾਰਾਂ ਦੀ ਮੁਸ਼ਿਕਲ ਆ ਰਹੀ ਸੀ, ਸਬੰਧੀ ਉਨਾਂ ਵੱਲੋਂ ਖੁਦ ਜਾ ਕੇ ਮੌਕਾ ਵੇਖਿਆ ਅਤੇ ਮੌਕੇ ‘ਤੇ ਪਾਵਰ ਕਾਮ ਵਿਭਾਗ ਦੇ ਐੱਸਡੀਓ, ਜੇਈ ਨੂੰ ਬੁਲਾ ਕੇ ਇਸ ਸਮੱਸਿਆ ਦਾ ਹੱਲ ਕਰਾਇਆ ਗਿਆ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਰਾਹਤ ਮਿਲੀ ਹੈ। ਉਨਾਂ ਆਖਿਆ ਕਿ ਸਰਕਾਰ ਬਣੀ ਨੂੰ ਅਜੇ ਕੁਝ ਹੀ ਸਮਾਂ ਹੋਇਆ ਹੈ। ਲੋਕ ਉਨਾਂ ਦੇ ਵਿਸ਼ਵਾਸ ਰੱਖਣ ਉਹ ਉਨਾਂ ਦੀਆਂ ਆਸਾਂ ‘ਤੇ ਖਰਾ ਉਤਰਨਗੇ।