ਗੜ੍ਹਦੀਵਾਲਾ 4 ਅਗਸਤ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਜ਼ੋਨਲ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਟੂਰਨਾਮੈਂਟ 27 ਜੁਲਾਈ 2026 ਨੂੰ ਕੇ.ਆਰ.ਕੇ.ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਆਯੋਜਿਤ ਕੀਤਾ ਗਿਆ।
ਸਕੂਲ ਦੀ ਅੰਡਰ-14 ਲੜਕਿਆਂ ਦੀ ਬੈਡਮਿੰਟਨ ਟੀਮ ਨੇ ਕਠਿਨ ਮੁਕਾਬਲਿਆਂ ਦਾ ਸਾਹਮਣਾ ਕਰਦਿਆ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਟੀਮ ਦੇ ਖਿਡਾਰੀਆਂ ਜਸਕਰਨ ਸਿੰਘ, ਨਮਨ ਠਾਕੁਰ, ਪ੍ਰਤੀਕ ਠਾਕੁਰ, ਕਰਨਵੀਰ ਸਿੰਘ ਅਤੇ ਸਰਤਾਜ ਨੇ ਬੇਹੱਦ ਉਤਸ਼ਾਹ, ਖੇਡ ਭਾਵਨਾ ਅਤੇ ਦ੍ਰਿੜ ਇਰਾਦੇ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਉਪਲਬਧੀ ‘ਤੇ ਸਕੂਲ ਦੇ ਪ੍ਰਿੰਸੀਪਲ ਸ਼ੇਖਰ ਮੋਦਗਿੱਲ, ਅਧਿਆਪਕਾਂ ਅਤੇ ਮਾਪਿਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ।ਬੱਚਿਆਂ ਦੀ ਜਿੱਤ ਦਾ ਸਿਹਰਾ ਡੀਪੀ ਸਾਹਿਬਾਨਾ ਮੈਡਮ ਮਨਪ੍ਰੀਤ ਕੌਰ ਅਤੇ ਰਮਨਦੀਪ ਸਿੰਘ ਨੂੰ ਜਾਂਦਾ ਹੈ|
ਸਕੂਲ ਪਰਿਵਾਰ ਨੂੰ ਆਪਣੇ ਇਨ੍ਹਾਂ ਹੋਣਹਾਰ ਖਿਡਾਰੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਸੰਸਥਾ ਦਾ ਨਾਮ ਉੱਚਾ ਕੀਤਾ ਹੈ।








