ਹੁਸ਼ਿਆਰਪੁਰ, 5 ਜੂਨ (ਪ੍ਰਾਈਮ ਪੰਜਾਬ ਟਾਈਮਜ)
ਗੈਰ-ਖੇਤੀਬਾੜੀ ਕੰਮਾਂ ‘ਚ ਸਬਸਿਡੀਸ਼ੁਦਾ ਯੂਰੀਆ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ
: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਬਸਿਡੀਸ਼ੁਦਾ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਅਤੇ ਡਾਇਵਰਜਨ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਵੱਖ-ਵੱਖ ਇੰਡਸਟਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਟਾਸਕਫੋਰਸ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸਹਿਕਾਰੀ ਸਭਾਵਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਆਬਕਾਰੀ ਅਤੇ ਕਰ ਵਿਭਾਗ ਦੇ ਨੁਮਾਇੰਦਿਆਂ ਵਲੋਂ ਅਚਨਚੇਤ ਚੈਕਿੰਗਾਂ ਕੀਤੀਆਂ ਗਈਆਂ। ਇਸ ਟਾਸਕਫੋਰਸ ਦਾ ਮੁੱਖ ਉਦੇਸ਼ ਖੇਤੀਬਾੜੀ ਲਈ ਦਿੱਤੀ ਜਾਣ ਵਾਲੀ ਸਬਸਿਡੀਸ਼ੁਦਾ ਯੂਰੀਆ ਖਾਦ ਦੀ ਗੈਰ-ਖੇਤੀਬਾੜੀ ਕੰਮਾਂ ਵਿੱਚ ਹੋ ਰਹੀ ਵਰਤੋਂ ‘ਤੇ ਨਿਗਰਾਨੀ ਰੱਖਣਾ ਅਤੇ ਇਸ ਨੂੰ ਪੂਰੀ ਤਰ੍ਹਾਂ ਰੋਕਣਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਜਿਬ ਕੀਮਤ ‘ਤੇ ਯੂਰੀਆ ਉਪਲਬੱਧ ਕਰਵਾਉਣ ਲਈ ਵੱਡੇ ਪੱਧਰ ‘ਤੇ ਸਬਸਿਡੀ ਦਿੱਤੀ ਜਾਂਦੀ ਹੈ, ਪਰ ਕੁਝ ਉਦਯੋਗਿਕ ਇਕਾਈਆਂ ਅਤੇ ਫੈਕਟਰੀਆਂ ਵੱਲੋਂ ਇਸ ਦੀ ਗਲਤ ਵਰਤੋਂ ਨਾ ਹੋਵੇ ਇਸ ਲਈ ਇਹ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਯੂਰੀਆ ਖਾਦ ਦੀ ਵਰਤੋਂ ਫੀਡ ਤਿਆਰ ਕਰਨ, ਰੇਜਿਨ ਬਣਾਉਣ, ਪਲਾਈਵੁੱਡ ਫੈਕਟਰੀਆਂ ਅਤੇ ਹੋਰ ਗੈਰ-ਖੇਤੀਬਾੜੀ ਕੰਮਾਂ ਵਿੱਚ ਕੀਤੇ ਜਾਣ ਕਾਰਨ ਸਰਕਾਰ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਕਿਸਾਨਾਂ ਲਈ ਖਾਦ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਟਾਸਕਫੋਰਸ ਵੱਲੋਂ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਸਪਲਾਈ, ਸਟੋਰੇਜ ਅਤੇ ਵਰਤੋਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਸਬੰਧੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਫਰਟੀਲਾਇਜ਼ਰ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।








