ਦਸੂਹਾ 19 ਅਕਤੂਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ 15 ਅਤੇ 16 ਅਕਤੂਬਰ ਨੂੰ ਕਰਵਾਈ ਗਈ ਦੋ ਰੋਜ਼ਾ ਵਰਕਸ਼ਾਪ ਦੀ ਸਫਲਤਾਪੂਰਵਕ ਸਮਾਪਤੀ ਹੋ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਫੈਸ਼ਨ ਤੇ ਟੈਕਸਟਾਈਲ ਡਿਜ਼ਾਈਨਿੰਗ ਦੇ ਖੇਤਰ ਵਿੱਚ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ 15 ਅਕਤੂਬਰ ਨੂੰ ਹੈਂਡ ਪੇਂਟਿੰਗ ਵਿਸ਼ੇ ’ਤੇ ਸਿਖਲਾਈ ਦਿੱਤੀ ਗਈ। ਇਸ ਸੈਸ਼ਨ ਦੇ ਰਿਸੋਰਸ ਪਰਸਨ ਸ਼੍ਰੀਮਤੀ ਮਮਤਾ ਚੌਧਰੀ, ਦਿੱਲੀ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੈਂਡ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਅਤੇ ਕੱਪੜਿਆਂ ਉੱਤੇ ਆਕਰਸ਼ਕ ਡਿਜ਼ਾਈਨ ਤਿਆਰ ਕਰਨ ਦੇ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਦਿਨ 16 ਅਕਤੂਬਰ ਨੂੰ ਪ੍ਰਿੰਟਿੰਗ ਆਰਟਸ ਐਂਡ ਡਿਜ਼ਾਈਨ ਵਿਸ਼ੇ ’ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੇ ਰਿਸੋਰਸ ਪਰਸਨ ਸ਼੍ਰੀ ਅਸ਼ਵਨੀ ਖੋਸਲਾ, ਅੰਮ੍ਰਿਤਸਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਿੰਟਿੰਗ ਦੀਆਂ ਵੱਖ-ਵੱਖ ਤਕਨੀਕਾਂ, ਡਿਜ਼ਾਈਨ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਇਸ ਖੇਤਰ ਨਾਲ ਸਬੰਧਤ ਮਹੱਤਵਪੂਰਨ ਬਾਰੀਕੀਆਂ ਤੋਂ ਜਾਣੂ ਕਰਵਾਇਆ। ਦੋਵੇਂ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਮਾਹਿਰਾਂ ਦੇ ਤਜਰਬੇ ਤੋਂ ਸਿੱਖਣ ਅਤੇ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ। ਇਸ ਮੌਕੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਵਿਹਾਰਕ ਹੁਨਰ, ਰਚਨਾਤਮਕ ਸੋਚ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਹਿਰਾਂ ਤੋਂ ਪ੍ਰਾਪਤ ਸਿਖਲਾਈ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਅਤੇ ਭਵਿੱਖ ਵਿੱਚ ਸਵੈ-ਰੁਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਦੀ ਹੈ। ਇਹ ਵਰਕਸ਼ਾਪ ਫੈਸ਼ਨ ਵਿਭਾਗ ਦੀ ਮੁਖੀ ਮੈਡਮ ਮਨਜੀਤ ਦੇ ਮਾਰਗਦਰਸ਼ਨ ਹੇਠ ਕਰਵਾਈ ਗਈ। ਵਰਕਸ਼ਾਪ ਦੇ ਸਫਲ ਆਯੋਜਨ ਵਿੱਚ ਅਸਿਸਟੈਂਟ ਪ੍ਰੋਫੈਸਰ ਅਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੰਦੀਪ ਕਲੇਰ, ਜਸਪ੍ਰੀਤ ਕੌਰ ਅਤੇ ਮੁਸਕਾਨ ਨੇ ਅਹਿਮ ਭੂਮਿਕਾ ਨਿਭਾਈ। ਕਾਲਜ ਪ੍ਰਬੰਧਨ ਵੱਲੋਂ ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਲਾਭਦਾਇਕ ਉਪਰਾਲਾ ਦੱਸਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ।







