ਪੰਜਾਬ ਸਰਕਾਰ ਦੀ ਬਹੁ ਕਰੋੜੀ ਸਿਹਤ ਯੋਜਨਾ ਠੰਢੇ ਬਸਤੇ ‘ਚ
ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਰੀਬਾਂ ਨੂੰ ਨਹੀਂ ਮਿਲ ਸਕੀ ਰਾਹਤ!
ਬਹੁ ਕਰੋੜੀ ਸਿਟੀ ਸਕੈਨ ਮਸ਼ੀਨ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਹੋਈ ਗਾਇਬ
ਹੁਸ਼ਿਆਰਪੁਰ 27 ਅਪ੍ਰੈਲ -( ਤਰਸੇਮ ਦੀਵਾਨਾ )-ਪਿਛਲੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਬਜ਼ਾਰ ਨਾਲੋਂ ਘੱਟ ਕੀਮਤਾਂ ਤੇ ਮੁਹੱਈਆ ਕਰਵਾਉਣ ਨੂੰ ਲੈ ਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ (ਪੀਪੀਪੀ) ਦੀ ਸਹਾਇਤਾ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਲੈਬਾਂ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਨਿੱਜੀ ਕੰਪਨੀਆਂ ਵੱਲੋਂ ਜਿੱਥੇ ਲੈਬਾਰਟਰੀ ਟੈਸਟ ਬਹੁਤ ਘੱਟ ਕੀਮਤਾਂ ਤੇ ਕੀਤੇ ਜਾਣੇ ਸਨ ਉੱਥੇ ਬਹੁ ਕਰੋੜੀ ਸੀਟੀ ਸਕੈਨ ਮਸ਼ੀਨਾਂ ਸਥਾਪਿਤ ਕਰਕੇ ਲਗਪਗ ਬਾਜ਼ਾਰ ਨਾਲ ਚੌਥੇ ਹਿੱਸੇ ਤੱਕ ਘੱਟ ਕੀਮਤਾਂ ‘ਤੇ ਦਿਮਾਗ,ਦਿਲ ਅਤੇ ਪੇਟ ਦੀਆਂ ਸਕੈਨਿੰਗ ਕੀਤੀਆਂ ਜਾਣੀਆਂ ਸਨ ਜਿਸ ਨਾਲ ਲੋਕਾਂ ਨੂੰ ਬਹੁਤ ਵੱਡਾ ਆਰਥਿਕ ਫਾਇਦਾ ਹੋਣਾ ਸੀ।ਪੀ ਪੀ ਪੀ ਤਹਿਤ ਪੰਜਾਬ ਵਿੱਚ ਕਰਸਨਾ ਡਾਇਗਨੌਸਟਿਕ ਲੈਬਜ਼ ਨਾਮਕ ਕੰਪਨੀ ਨੂੰ ਇਹ ਪ੍ਰਾਜੈਕਟ ਦਿੱਤਾ ਗਿਆ ਸੀ।ਇਸ ਪ੍ਰਾਜੈਕਟ ਤਹਿਤ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਸੀਟੀ ਸਕੈਨ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ ਪ੍ਰੰਤੂ ਇੱਕੋ ਇਕ ਜ਼ਿਲ੍ਹਾ ਪੰਜਾਬ ਦਾ ਹੁਸ਼ਿਆਰਪੁਰ ਹੈ ਜਿਥੇ ਲੈਬ ਸਥਾਪਤ ਕਰਨ ਤੋਂ ਬਾਅਦ ਸੀਟੀ ਸਕੈਨ ਮਸ਼ੀਨ ਹਾਲੇ ਤੱਕ ਵੀ ਲਗਾਈ ਨਹੀਂ ਜਾ ਸਕੀ। ਸੂਤਰਾਂ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਇੱਕ ਵਾਰ ਹੁਸ਼ਿਆਰਪੁਰ ਦੀ ਲੈਬ ਵਿੱਚ ਕੰਪਨੀ ਵੱਲੋਂ ਭੇਜ ਦਿੱਤੀ ਗਈ ਸੀ ਪਰ ਇੰਸਟਾਲ ਕਰਨ ਤੋਂ ਕੁੱਝ ਦਿਨਾਂ ਬਾਅਦ ਹੀ ਇਹ ਮਸ਼ੀਨ ਲਾਪਤਾ ਹੋ ਗਈ ਦੱਸੀ ਜਾਂਦੀ ਹੈ।ਜਿਸ ਪਿੱਛੇ ਹੁਸ਼ਿਆਰਪੁਰ ਨਾਲ ਸਬੰਧਤ ਰਸੂਖਦਾਰ ਲੋਕਾਂ, ਜੋ ਖੁਦ ਵੀ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਹਨ,ਦੀ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਮਾਮਲਾ ਭਾਰੀ ਚਰਚਾ ਵਿੱਚ ਹੈ ਇਸ ਸਿਵਲ ਹਸਪਤਾਲ ਵਿੱਚ ਲੱਗਣ ਵਾਲੀ ਸੀਟੀ ਸਕੈਨ ਮਸ਼ੀਨ ਦੇ ਨਾਲ ਹੋਣ ਵਾਲਾ ਟੈਸਟ ਕੇਵਲ 1500 ਰੁਪਏ ਵਿੱਚ ਕੀਤਾ ਜਾ ਸਕੇਗਾ ਜੋ ਬਜ਼ਾਰ ਦੀ ਨਿੱਜੀ ਲੈਬ ਵਿੱਚੋਂ 6000 ਰੁਪਏ ਵਿੱਚ ਹੁੰਦਾ ਹੈ।ਇਸ ਤੋਂ ਇਲਾਵਾ ਇਸ ਲੈਬ ਵਿਚ ਹੋਣ ਵਾਲੇ ਥਾਈਰਾਇਡ ਅਤੇ ਹੋਰ ਟੈਸਟ ਕੇਵਲ ਸੌ ਰੁਪਏ ਵਿੱਚ ਹੋਣਗੇ ਜੋ ਬਾਜ਼ਾਰ ਵਿੱਚ ਤਿੰਨ ਤੋਂ ਚਾਰ ਸੌ ਰੁਪਏ ਤੱਕ ਹੁੰਦੇ ਹਨ। ਇਸ ਮਸ਼ੀਨ ਦੇ ਲਾਪਤਾ ਹੋ ਜਾਣ ਨਾਲ ਹੁਣ ਲੋਕ ਇਸ ਸਹੂਲਤ ਤੋਂ ਲਾਂਭੇ ਹੋ ਗਏ ਹਨ।ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਹ ਬਹੁ ਕਰੋੜੀ ਸਿਟੀ ਸਕੈਨ ਮਸ਼ੀਨ ਸੂਬੇ ਦੇ ਕਰੀਬ 18 ਸਰਕਾਰੀ ਹਸਪਤਾਲਾਂ ਵਿੱਚ ਲਗਾਈ ਜਾ ਚੁੱਕੀ ਹੈ,ਪਰ ਕੇਵਲ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿੱਚ ਹੀ ਲੋਕਾਂ ਨੂੰ ਇਸ ਸਹੂਲਤ ਤੋਂ ਜਾਣ ਬੁੱਝ ਕੇ ਵਾਂਝਿਆਂ ਰੱਖਿਆ ਜਾਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ।ਜਿਸ ਵਿੱਚੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ।ਇਸ ਮਾਮਲੇ ਵਿੱਚ ਸੰਪਰਕ ਕੀਤੇ ਜਾਣ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਐੱਸ ਐੱਮ ਓ. ਡਾ ਜਸਵਿੰਦਰ ਸਿੰਘ ਦੇ ਕੋਲ ਹੈ ਤੇ ਉਹੀ ਦੱਸ ਸਕਦੇ ਹਨ।ਪਰ ਉਨਾਂ ਕੇਵਲ ਏਨਾ ਹੀ ਦੱਸਿਆ ਕਿ ਉਨਾਂ ਨੂੰ ਇਸ ਮਾਮਲੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ।ਇਸ ਮਾਮਲੇ ਵਿੱਚ ਸੰਪਰਕ ਕਰਨ ਤੇ ਐਸ ਐਮ ਓ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਪੀ ਪੀ ਪੀ ਤਹਿਤ ਇਹ ਲੈਬ ਲਗਾਉਣ ਲਈ 12 ਦਸੰਬਰ 2021 ਨੂੰ ਸੀਟੀ ਸਕੈਨ ਮਸ਼ੀਨ ਖ਼ਰੀਦਣ ਅਤੇ ਲੈਬ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।ਜਿਸ ਤੋਂ ਬਾਅਦ ਕਰਸਨਾ ਡਾਇਗਨਾਸਟਿਕ ਲੈਬ ਨਾਮਕ ਕੰਪਨੀ ਨੇ ਆਪਣੀ ਲੈਬ ਸਥਾਪਤ ਕਰ ਦਿੱਤੀ ਗਈ।ਜਨਵਰੀ 2022 ਵਿੱਚ ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਤੋਂ ਜਾਣਕਾਰੀ ਦਿੱਤੀ ਗਈ ਕਿ ਬਹੁ ਕਰੋੜੀ ਸੀਟੀ ਸਕੈਨ ਮਸ਼ੀਨ ਕੰਪਨੀ ਵੱਲੋਂ ਸਥਾਪਤ ਕੀਤੀ ਜਾ ਚੁੱਕੀ ਹੈ। ਜਿਸ ਤੋਂ ਜਲਦੀ ਬਾਦ ਹੀ ਉਨ੍ਹਾਂ ਨੂੰ ਇਹ ਮਸ਼ੀਨ ਵਾਪਸ ਲੈ ਜਾਣ ਬਾਰੇ ਜਾਣਕਾਰੀ ਦਿੱਤੀ ਗਈ।ਹੁਣ ਫਿਰ ਕੰਪਨੀ ਵੱਲੋਂ ਲੋੜੀਂਦੀ ਕਾਰਵਾਈ ਇਸ ਮਸ਼ੀਨ ਨੂੰ ਸਥਾਪਤ ਕਰਨ ਬਾਰੇ ਉਨ੍ਹਾਂ ਨੂੰ 1 ਅਪ੍ਰੈਲ ਨੂੰ ਚਿੱਠੀ ਭੇਜੀ ਗਈ ਇਹ ਚਿੱਠੀ ਉਨ੍ਹਾਂ ਨੇ ਆਪਣੇ ਨੋਟ ਦੇ ਕੇ ਇਸੇ ਦਿਨ ਹੀ ਸਿਵਲ ਸਰਜਨ ਦਫ਼ਤਰ ਡਿਸਪੈਚ ਕਰ ਦਿੱਤੀ ਅਤੇ ਰਿਕਮੇਂਡ ਕੀਤਾ ਕਿ ਮਸ਼ੀਨ ਲੋਕਾਂ ਦੇ ਨਿੱਜੀ ਹਿੱਤ ਵਾਸਤੇ ਜਲਦੀ ਲਗਾਈ ਜਾਣੀ ਚਾਹੀਦੀ ਹੈ।ਜਿਸ ਦਾ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੱਡੀ ਆਰਥਿਕ ਰਾਹਤ ਮਿਲ ਸਕਦੀ ਹੈ।ਇਸ ਲੋਕ ਹਿੱਤ ਮਾਮਲੇ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਇਸ ਬਾਰੇ ਸਿਵਲ ਸਰਜਨ ਦਫ਼ਤਰ ਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਹੀ ਦੱਸ ਸਕਦੇ ਹਨ।ਇਸ ਮਾਮਲੇ ਵਿਚ ਜਦੋਂ ਪੱਤਰਕਾਰਾਂ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਉਹ ਇੱਕ ਮਹੀਨੇ ਦੀ ਛੁੱਟੀ ਤੇ ਗਏ ਹੋਏ ਸਨ ਜਿਸ ਕਰਕੇ ਉਨ੍ਹਾਂ ਨੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਲੈਣ ‘ਤੇ ਸੰਪਰਕ ਕੀਤੇ ਜਾਣ ਤੇ ਉਨਾਂ ਦੀ ਗੈਰਹਾਜ਼ਰੀ ਵਿੱਚ ਕਾਰਜਕਾਰੀ ਪਰਿਵਾਰ ਭਲਾਈ ਅਫਸਰ ਵੱਜੋਂ ਚਾਰਜ ਲੈਣ ਵਾਲੀ ਡਾ ਸਵਾਤੀ ਵੀ ਆਪਣਾ ਪੱਲਾ ਛੁਡਾਉੰਦੀ ਨਜ਼ਰ ਆਈ।ਉਨ੍ਹਾਂ ਕੇਵਲ ਇੰਨਾ ਹੀ ਕਿਹਾ ਕਿ ਮਨਜ਼ੂਰੀ ਦੇਣ ਸਬੰਧੀ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈ।ਜਦ ਕਿ ਸੰਪਰਕ ਕਰਨ ‘ਤੇ ਪੀਐਨਡੀਟੀ ਕੋਆਰਡੀਨੇਟਰ ਅਭੈ ਮੋਹਨ ਨੇ ਕਿਹਾ ਕਿ ਮਸ਼ੀਨ ਸਥਾਪਤ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਪਹਿਲਾਂ ਪੀਐੱਨਡੀਟੀ ਐਕਟ ਤਹਿਤ ਸੀਟੀ ਮਸ਼ੀਨ ਸਥਾਪਿਤ ਕਰਨ ਲਈ ਲੋੜੀੰਦੀ ਮਨਜ਼ੂਰੀ ਨਹੀਂ ਲਈ ਗਈ ਹੈ।ਸਿਹਤ ਮਾਹਿਰਾਂ ਨੇ ਦੱਸਿਆ ਕਿ ਜਦੋਂ ਲੋਕਹਿਤਾਂ ਦੀ ਗੱਲ ਹੋਵੇ ਤਾਂ ਨਿਯਮਾਂ ‘ਚ ਢਿੱਲ ਦੇਣ ਦਾ ਵੀ ਸਿਹਤ ਅਧਿਕਾਰੀਆਂ ਕੋਲ ਵਿਸ਼ੇਸ਼ ਅਧਿਕਾਰ ਹੁੰਦਾ ਹੈ ਜਦਕਿ ਲੋਕਾਂ ਲਈ ਭਾਰੀ ਆਰਥਿਕ ਰਾਹਤ ਮਿਲਣ ਦੇ ਮੁੱਦੇ ‘ਤੇ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।ਜਿਸ ਲਈ ਕਿਸੇ ਦੀ ਕੋਈ ਜੁਆਬਦੇਹੀ ਤੈਅ ਨਹੀਂ ਕੀਤੀ ਜਾ ਰਹੀ।ਭਰੋਸੇਯੋਗ ਸੂਤਰਾਂ ਪਾਸੋਂ ਇਹ ਵੀ ਅਹਿਮ ਜਾਣਕਾਰੀ ਮਿਲੀ ਹੈ ਕਿ ਸਿਹਤ ਵਿਭਾਗ ਅੰਦਰਲੇ ਭ੍ਰਿਸ਼ਟ ਅਨਸਰਾਂ ਵੱਲੋਂ ਸੀਨੀਅਰ ਸਿਹਤ ਅਧਿਕਾਰੀਆਂ ਉੱਪਰ ਵੀ ਜਾਇਜ਼ ਨਜਾਇਜ਼ ਦਬਾਓ ਪਾ ਕੇ ਇਸ ਲੋਕ ਹਿੱਤ ਕੰਮ ਨੂੰ ਠੰਡੇ ਬਸਤੇ ਵਿੱਚ ਪਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਮਹੱਤਵਪੂਰਨ ਲੋਕਪੱਖੀ ਮਸਲੇ ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ ਵਾਰ ਵਾਰ ਫੋਨ ਕਰਨ ਤੇ ਉਨ੍ਹਾਂ ਦੇ ਪੀਏ ਨੇ ਫੋਨ ਚੁੱਕਿਆ ਅਤੇ ਮੰਤਰੀ ਸਾਹਿਬ ਦੇ ਮੀਟਿੰਗ ਵਿੱਚ ਹੋਣ ਬਾਰੇ ਕਹਿ ਕੇ ਫੋਨ ਕੱਟ ਦਿੱਤਾ।
ਕੈਪਸ਼ਨ : ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਨਿੱਜੀ ਕੰਪਨੀ ਵੱਲੋਂ ਸਥਾਪਤ ਕੀਤੇ ਗਏ ਲੈਬ ਜਿਸ ਵਿਚੋਂ ਸੀਟੀ ਸਕੈਨ ਮਸ਼ੀਨ ਲਾਪਤਾ ਪਾਈ ਗਈ।
ਫੋਟੋ ਮੁਨੀਰ








