ਫਗਵਾੜਾ (ਲਾਲੀ ਦਾਦਰ )
* ਰਾਹੁਲ ਗਾਂਧੀ ਦੇ ਸਵਾਗਤ ਲਈ ਫਗਵਾੜਾ ‘ਚ ਵਰਕਰਾਂ ਨਾਲ ਕੀਤੀ ਮੀਟਿੰਗ
8 ਦਸੰਬਰ – ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਆਗਮਨ ਦੇ ਸਬੰਧ ਵਿਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਯਾਤਰਾ ਦੇ ਸੁਆਗਤ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਇਸ ਸਮੇਂ ਰਾਜਸਥਾਨ ਵਿੱਚ ਹੈ। ਜਨਵਰੀ ਦੇ ਦੂਜੇ ਹਫ਼ਤੇ ਤੱਕ ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਦੀ ਹੁੰਦੀ ਹੋਈ ਫਗਵਾੜਾ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੀਂ ਰਾਹੁਲ ਗਾਂਧੀ ਨੇ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਹੈ। ਇਸ ਦੇ ਨਾਲ ਹੀ ਆਮ ਲੋਕ ਅਤੇ ਖਾਸ ਕਰਕੇ ਨੌਜਵਾਨ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਇਹ ਯਾਤਰਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਮੋਦੀ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਬਣੇਗੀ। ਫਗਵਾੜਾ ਵਿੱਚ ਯਾਤਰਾ ਦੇ ਸ਼ਾਨਦਾਰ ਸਵਾਗਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪਿਛਲੇ ਅੱਠ ਸਾਲਾਂ ਤੋਂ ਸੱਤਾ ’ਤੇ ਕਾਬਜ਼ ਨਰਿੰਦਰ ਮੋਦੀ ਸਰਕਾਰ ਇਸ ਸਮੇਂ ਤਾਨਾਸ਼ਾਹ ਬਣ ਚੁੱਕੀ ਹੈ। ਦੇਸ਼ ਦੇ ਲੋਕ ਮਹਿੰਗਾਈ, ਭੁੱਖਮਰੀ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਕੇਂਦਰ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਹਰ ਰੋਜ਼ ਝੂਠੇ ਸਬਜ਼ਬਾਗ ਦਿਖਾ ਕੇ ਜਨਤਾ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਭਾਰਤ ਜੋੜੋ ਯਾਤਰਾ ਰਾਹੀਂ ਰਾਹੁਲ ਗਾਂਧੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੀ ਅਸਲ ਤਸਵੀਰ ਜਨਤਾ ਦੇ ਸਾਹਮਣੇ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਨ। ਇਸ ਯਾਤਰਾ ਦੇ ਸਾਰਥਕ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਬੁੱਗਾ, ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸ਼ਹਿਰੀ ਪ੍ਰਧਾਨ ਮੁਨੀਸ਼ ਪ੍ਰਭਾਕਰ ਅਤੇ ਤਰਨਜੀਤ ਸਿੰਘ ਬੰਟੀ ਵਾਲੀਆ, ਜਸਵੰਤ ਸਿੰਘ ਨੀਟਾ ਜਗਪਾਲਪੁਰ ਪ੍ਰਧਾਨ ਦਿਹਾਤੀ, ਮਨੀਸ਼ ਭਾਰਦਵਾਜ, ਬਲਾਕ ਸਮਿਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ, ਵਿਨੋਦ ਵਰਮਾਨੀ, ਸਾਬਕਾ ਕੌਂਸਲਰ ਰਾਮਪਾਲ ਉੱਪਲ,ਹਰਜੀਤ ਸਿੰਘ ਲਾਡੀ ਸਰਪੰਚ ਬੋਹਾਨੀ, ਜਗਜੀਵਨ ਲਾਲ ਸਰਪੰਚ ਖਲਵਾੜਾ ਤੋਂ ਇਲਾਵਾ ਐਡਵੋਕੇਟ ਦਰਸ਼ਨ ਪ੍ਰਿੰਸ, ਬਿੱਲੂ ਖੇੜਾ, ਅਮਰਜੀਤ ਨਿੱਝਰ, ਤੁਲਸੀ ਰਾਮ ਖੋਸਲਾ, ਦਰਸ਼ਨ ਕਟਾਰੀਆ, ਡਾ. ਰਾਮਮੂਰਤੀ ਭਾਣੋਕੀ, ਸੌਰਵ ਸ਼ਰਮਾ, ਪੰਕਜ ਘੇੜਾ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।








