ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਖੇਤੀਬਾੜੀ ਮਾਹਿਰਾਂ ਵਲੋਂ ਦਿੱਤੀ ਗਈ ਵੱਡਮੁੱਲੀ ਜਾਣਕਾਰੀ-ਵੱਡੀ ਗਿਣਤੀ ਵਿਚ ਕਿਸਾਨਾਂ ਕੀਤੀ ਸ਼ਿਰਕਤ
ਬਾਬਾ ਕਾਰ ਸਿੰਘ ਸਟੇਡੀਅਮ ਕਲਾਨੋਰ (ਗੁਰਦਾਸਪੁਰ) ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਵੱਖ-ਵੱਖ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ
ਵੱਖ-ਵੱਖ ਵਿਭਾਗਾਂ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਬਣੀਆਂ ਖਿੱਚ ਦਾ ਕੇਂਦਰ
ਡੇਰਾ ਬਾਬਾ ਨਾਨਕ 27 ਨਵੰਬਰ ( ਆਸ਼ਕ ਰਾਜ ਮਾਹਲਾ ) ਬਾਬਾ ਕਾਰ ਸਿੰਘ ਸਟੇਡੀਅਮ ਕਲਾਨੋਰ ਵਿਖੇ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ (ਮੇਲੇ) ਵਿਚ ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋਂ ਵੱਡਮੁਲੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੇਲੇ ਵਿਚ ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਦੇ ਸਪੁੱਤਰ ਸ. ਉਦੈਵੀਰ ਸਿੰਘ ਰੰਧਾਵਾ, ਬਲਦੇਵ ਸਿੰਘ ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਡਾ. ਕੁਲਜੀਤ ਸਿੰਘ ਸੈਣੀ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਸਮੇਤ ਵੱਖ-ਵੱਖ ਸਖਸ਼ੀਅਤਾਂ ਤੇ ਕਿਸਾਨ ਮੋਜੂਦ ਸਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ।
ਜ਼ਿਲਾ ਪੱਧਰੀ ਕਿਸਾਨ ਮੇਲੇ ਵਿਚ ਸੰਬੋਧਨ ਕਰਦਿਆਂ ਸ.ਉਦੈਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਮਾਗਮ ਵਿਚ ਸ. ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਵਲੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਬਹੁਤ ਜਰੂਰੀ ਕੰਮ ਪੈਣ ਕਾਰਨ ਇਥੇ ਨਹੀਂ ਆ ਸਕੇ ਅਤੇ ਉਨਾਂ ਨੇ ਮੇਰੀ ਡਿਊਟੀ ਲਗਾ ਦਿੱਤੀ। ਉਨਾਂ ਅੱਗੇ ਕਿਹਾ ਕਿ ਕਿਸਾਨ ਮੇਲੇ, ਕਿਸਾਨ ਵੀਰਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ, ਕਿਉਂਕਿ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋਂ ਵੱਖ-ਵੱਖ ਫਸਲਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਉਨਾਂ ਵੱਖ-ਵੱਖ ਵਿਭਾਗਾਂ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਵੇਖੀਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਕਈ ਸਕੀਮਾਂ ਵਿਚ ਵੱਡੇ ਪੱਧਰ ’ਤੇ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਸਹਿਕਾਰਤਾ ਵਿਭਾਗ ਵਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਰੱਖੜਾ ਮਿੱਲ ਨੂੰ ਮੁੜ ਸੁਰਜੀਤ ਕਰਕੇ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਲਗਾਇਆ ਜਾ ਰਿਹਾ ਹੈ, ਜਿਥੇ ਕਿਸਾਨ ਵੀਰ ਆਪਣੀ ਪਰਾਲੀ ਵੇਚਕੇ ਮੁਨਾਫਾ ਕਮਾ ਸਕਣਗੇ। ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਅਤੇ ਬਟਾਲਾ ਵਿਖੇ ਗੰਨਾ ਕਾਸ਼ਤਕਾਰਾਂ ਦੀ ਸਹਲੂਤ ਲਈ ਦੋਵੇਂ ਖੰਡ ਮਿੱਲਾਂ ਦੀ ਸਮਰੱਥਾ ਵਧਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ।
ਇਸ ਮੌਕੇ ਜੁਆਇੰਟ ਡਾਇਰੈਕਟਰ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਨੂੰ ਲੋੜ ਅਨੁਸਾਰ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀਵਰਤੋਂ ਕਰਨੀ ਚਾਹੀਦੀ ਹੈ ਤੇ ਆਪਣੀ ਨਿਗਰਾਨੀ ਹੇਠ ਇਨਾਂ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਯੂਰੀਆ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉੱਪ ਮੁੱਖ ਮੰਤਰੀ ਪੰਜਾਬ ਅਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਿਸਾਨਾਂ ਨੂੰ ਖਾਦ ਤੇ ਯੂਰੀਆਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੇ ਸਲਾਹ ਨਾਲ ਖੇਤੀ ਕਰਨ ਨੂੰ ਤਰਜੀਹ ਦੇਣ।
ਇਸ ਮੌਕੇ ਡਾ. ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਕਿਹਾ ਕਿ ਕਿਸਾਨ ਵੀਰ, ਮੁੱਖ ਖੇਤੀਬਾੜੀ ਦੇ ਕਿੱਤਿਆਂ ਦੇ ਨਾਲ ਸਹਾਇਕ ਕਿੱਤੇ ਜਰੂਰ ਅਪਣਾਉਣ। ਆਰਗੈਨਿਕ ਖੇਤੀ ਕਰਨ ਅਤੇ ਸਬਜ਼ੀਆਂ ਅਤੇ ਦਾਲਾਂ ਆਦਿ ਦੀ ਖੇਤੀ ਜਰੂਰ ਕੀਤੀ ਜਾਵੇ। ਉਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਖੇਤੀਬਾੜੀ ਦੇ ਅਤਿ ਆਧਨਿਕ ਸੰਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਉਨਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਓਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
ਇਸ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੈਂਪਸ ਗੁਰਦਾਸਪੁਰ ਤੋਂ ਡਾ. ਰਜਿੰਦਰ ਸਿੰਘ ਬੱਲ, ਡਾ. ਸਮੁੇਸ਼ ਚੋਪੜਾ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਹਰਚਰਨ ਸਿੰਘ ਕੰਗ, ਜ਼ਿਲਾ ਭੂਮੀ ਰੱਖਿਆ ਅਫਸਰ ਵਲੋਂ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ, ਜਿਵੇਂ ਖਾਦਾਂ ਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਬਾਰੇ, ਬੀਜ ਦੀ ਮਾਤਰਾ, ਨਦੀਨਾਂ ਦੀ ਰੋਕਥਾਮ, ਖੇਤ ਦੀ ਤਿਆਰੀ ਸਬੰਧੀ, ਬਿਜਾਈ ਦਾ ਸਮਾਂ ਤੇ ਢੰਗ, ਬੀਜਣ ਦਾ ਤਰੀਕਾ, ਬਿਨਾਂ ਵਹਾਈ ਕਣਕ ਦੀ ਬਿਜਾਈ, ਡਰਿੱਪ ਸਿਸਟਮ ਬਾਰੇ ਤੇ ਸਹਾਇਕ ਕਿੱਤਿਆ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਇਸ ਮੌਕੇ ਕਿਸਾਨਾਂ ਵਲੋਂਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਮੌਕੇ ਭਗਵੰਤ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਕਲਾਨੋਰ, ਹਰਦੀਪ ਸਿੰਘ ਗੋਰਾਇਆ ਚੇਅਰਮੈਨ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ, ਨਰਿੰਦਰ ਸਿੰਘ ਬਾਜਵਾ, ਚੇਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ, ਕਸ਼ਮੀਰ ਸਿੰਘ ਸਰਪੰਚ, ਪ੍ਰਭਸਿਮਰਨ ਸਿੰਘ ਸਰਪੰਚ, ਨਰਿੰਦਰ ਸੋਨੀ ਸਰਪੰਚ, ਡਾ. ਹਰਮਿੰਦਰਪਾਲ ਸਿੰਘ ਗਿੱਲ, ਜ਼ਿਲਾ ਸਿਖਲਾਈ ਅਫਸਰ ਗੁਰਦਾਸਪੁਰ, ਡਾ. ਸਹਿਬਾਜ਼ ਸਿੰਘ ਚੀਮਾ, ਡਾ. ਅੰਮ੍ਰਿਤ ਸਿੰਘ, ਡਾ. ਰਣਧੀਰ ਠਾਕੁਰ, ਡਾ. ਹੀਰਾ ਸਿੰਘ, ਡਾ. ਬਲਜੀਤ ਸਿੰਘ ਭੁੱਲਰ, ਡਾ. ਸੰਜੀਵ ਸ਼ਰਮਾ, ਡਾ.ਹਰਪਿੰਦਰ ਸਿੰਘ (ਸਾਰੇ ਖੇਤੀਬਾੜੀ ਅਫਸਰ), ਆਤਮਾ ਤੋਂ ਪ੍ਰਭਜੋਤ ਸਿੰਘ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਲਾਲੀ ਚੀਮਾ, ਪਲਵਿੰਦਰ ਸਿੰਘ ਸਹਾਰੀ, ਗੁਰਬਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ ਸੱਲੋਪੁਰ ਆਦਿ ਮੋਜੂਦ ਸਨ।