ਬਟਾਲਾ,14 ਦਸੰਬਰ ( ਅਵਿਨਾਸ਼ ) – ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕੋਹਾਲੀ ਦੀ ਧੀ ਹਰਨਾਜ਼ ਸੰਧੂ ਵੱਲੋਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ’ਤੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਮੁਬਾਰਕਬਾਦ ਦਿੱਤੀ ਹੈ। ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਵਧਾਈ ਦਿੰਦਿਆਂ ਸ. ਬਾਜਵਾ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਪਣੀ ਧੀ ਉੱਪਰ ਬੇਹੱਦ ਮਾਣ ਹੈ ਜਿਸਨੇ ਇਹ ਵਕਾਰੀ ਖਿਤਾਬ ਜਿੱਤ ਕੇ ਆਪਣੇ ਦੇਸ਼, ਸੂਬੇ ਅਤੇ ਆਪਣੇ ਇਲਾਕੇ ਤੇ ਪਿੰਡ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਸ. ਬਾਜਵਾ ਨੇ ਕਿਹਾ ਕਿ ਇਸ ਇਲਾਕੇ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਹਰਨਾਜ਼ ਦੀ ਇਸ ਪ੍ਰਾਪਤੀ ਦੀ ਹੋਰ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਧੀ ਹਰਨਾਜ਼ ਦੀ ਪਰਾਪਤੀ ਉੱਪਰ ਮਾਣ ਹੈ ਅਤੇ ਹਰਨਾਜ਼ ਸਾਡੀਆਂ ਧੀਆਂ ਲਈ ਪ੍ਰੇਰਨਾ ਸਰੋਤ ਹੈ।
ਵਿਧਾਇਕ ਸ. ਫ਼ਤਹਿ ਜੰਗ ਸਿੰਘ ਬਾਜਵਾ ਨੇ ਫੋਨ ਕਰਕੇ ਹਰਨਾਜ਼ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਅਤੇ ਪਿੰਡ ਕੋਹਾਲੀ ਵਿੱਚ ਰਹਿੰਦੇ ਉਸਦੇ ਤਾਏ ਜਸਵਿੰਦਰ ਸਿੰਘ ਸੰਧੂ ਨੂੰ ਵੀ ਵਧਾਈ ਦਿੱਤੀ।