ਸਿਹਤ ਮੰਤਰੀ ਪੰਜਾਬ ਦੇ ਘਰ ਅੱਗੇ 31 ਦਸੰਬਰ ਨੂੰ ਕਰਨਗੀਆਂ ਸਰਕਾਰ ਦਾ ਪਿੱਟ ਸਿਆਪਾ
ਗੁਰਦਾਸਪੁਰ 24 ਦਸੰਬਰ ( ਅਸ਼ਵਨੀ ) :- ਸਿਹਤ ਵਿਭਾਗ ਪੰਜਾਬ ਵਿੱਚ ਮਾਣ ਭੱਤੇ ਉਪਰ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਜ ਦੇ ਸਾਝੇ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ 30 ਹਜ਼ਾਰ ਦੇ ਲਗਭਗ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਸਰਕਾਰੀ ਲਾਰਿਆਂ ਤੋਂ ਅੱਕ ਕੇ ਮੁਕੰਮਲ ਹੜਤਾਲ ਕਰ ਦਿੱਤੀ ਹੈ। ਇਕ ਹਫਤੇ ਦੀ ਹੜਤਾਲ ਦਾ ਨੋਟਿਸ ਬਾਕਾਇਦਾ ਸਿਵਲ ਸਰਜਨ/ ਡਿਪਟੀ ਕਮਿਸ਼ਨਰ ਰਾਂਹੀ ਸਿਹਤ ਮੰਤਰੀ ਪੰਜਾਬ ਨੂੰ ਭੇਜ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਮੋਰਚੇ ਦੀ ਕਨਵੀਨਰ ਬੀਬੀ ਪਰਮਜੀਤ ਕੌਰ ਮਾਨ, ਰਾਣੋ ਖੇੜੀ ਗਿਲਾ , ਅਮਰਜੀਤ ਕੌਰ ਵੱਲੋਂ ਜਾਰੀ ਕਰਕੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਸਾਂਝੇ ਮੋਰਚੇ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਨੁਸਾਰ ਸਿਖਲਾਈ ਜ਼ਾਬਤਾ ਮਜ਼ਦੂਰਾਂ ਵਾਂਗ ਤਨਖਾਹ ਦੇਣ, ਦਸ ਸਾਲ ਦੀ ਸੇਵਾ ਕਰਨ ਵਾਲੀਆਂ ਨੂੰ ਵਿਭਾਗ ਵਿਚ ਪੱਕਾ ਕਰਨ, ਵਿਭਾਗੀ ਤਰੱਕੀਆਂ, 5 ਲੱਖ ਰੁਪਏ ਦਾ ਮੈਡੀਕਲ ਬੀਮਾ, ਮ੍ਰਿਤਕ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਤੋਂ ਇਲਾਵਾ ਏ ਐਨ ਐਮ ਦੀ ਭਰਤੀ ਵਿਚ ਰਾਖਵਾਂਕਰਨ ਦੀਆਂ ਮੰਗਾਂ ਨੂੰ ਕਈ ਵਾਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਠਾਇਆ ਹੈ। ਪਰ 21 ਦਸੰਬਰ ਨੂੰ ਸਾਂਝੇ ਮੁਲਾਜ਼ਮ ਫਰੰਟ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਮਾਣ ਭੱਤਾ ਵਰਕਰਾਂ ਨੂੰ ਕੋਈ ਵੀ ਰਾਹਤ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਸਿਹਤ ਵਿਭਾਗ ਦੀਆਂ ਵੱਖ-ਵੱਖ ਮੁਲਾਜ਼ਮ ਕੈਟੇਗਰੀਆਂ ਪਹਿਲਾਂ ਹੀ ਹੜਤਾਲ ਉਪਰ ਹਨ। ਇਨ੍ਹਾਂ ਆਸ਼ਾ ਵਰਕਰਾਂ ਦੇ ਹੜਤਾਲ ਉਪਰ ਜਾਣ ਨਾਲ ਸਿਹਤ ਵਿਭਾਗ ਦੇ ਕੰਮਕਾਜ ਉੱਤੇ ਭਾਰੀ ਅਸਰ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਮੋਰਚੇ ਦੀ ਆਗੂਆਂ ਬਲਵਿੰਦਰ ਕੌਰ ਅਲੀ ਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ, ਅੰਚਲ ਮੱਟੂ, ਕਾਂਤਾ ਦੇਵੀ ਭੁੱਲਰ, ਮੀਰਾਂ ਕਾਹਨੂੰਵਾਨ, ਪ੍ਰਭਜੋਤ ਕੌਰ ਭਾਮ, ਗੁਰਵਿੰਦਰ ਕੌਰ ਦੁਰਾਗਲਾ, ਨੇ ਹੜਤਾਲ ਨੂੰ ਸਫ਼ਲ ਬਣਾਉਣ ਲਈ ਸਮੁੱਚੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ ਹੈ।